ਚੰਡੀਗੜ੍ਹ,16 ਮਈ 2023: ਅੱਜ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring) ਗਿੱਦੜਬਾਹਾ ਹਲਕੇ ਦੇ ਪਿੰਡਾਂ ’ਚ ਲੋਕਾਂ ਨੂੰ ਮਿਲੇ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ । ਇਸ ਮੌਕੇ ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਹਰ ਗੱਲ ’ਤੇ ਕ੍ਰੈਡਿਟ ਲੈਣਾ ਚਾਹੁੰਦੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਬਿਜਲੀ ਦੇ ਰੇਟਾਂ ’ਚ ਵਾਧਾ ਕਰਕੇ ‘ਆਪ’ ਸਰਕਾਰ ਨੇ ਜਿੱਤ ਤੋਂ ਬਾਅਦ ਸੂਬਾ ਵਾਸੀਆਂ ਨੂੰ ਤੋਹਫ਼ਾ ਦਿੱਤਾ ਹੈ।
ਇਸਦੇ ਨਾਲ ਹੀ ਕਿਹਾ ਕਿ ਪਾਵਰ ਕਾਰਪੋਰੇਸ਼ਨ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਮੇਰੇ ਗਿੱਦੜਬਾਹਾ ਹਲਕੇ ਦਾ ਹਸਪਤਾਲ ਪੰਜਾਬ ਦਾ ਨੰਬਰ ਇਕ ਹਸਪਤਾਲ ਸੀ, ਜੋ ਹੁਣ ਇਨ੍ਹਾਂ ਕਬੂਤਰਖ਼ਾਨਾ ਬਣ ਚੁੱਕਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਲੰਧਰ ਜਿੱਤ ਨੂੰ ਇਹ ਨਹੀਂ ਕਹਿ ਸਕਦੀ ਕਿ ਇਹ ਉਨ੍ਹਾਂ ਦੀ ਕਾਰਗੁਜ਼ਾਰੀ ’ਤੇ ਮੋਹਰ ਹੈ ।
ਦੂਜੇ ਪਾਸੇ ਸਬਕੀ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ’ਤੇ ਕੋਟਾ ਅਦਾਲਤ ਵਲੋਂ ਮਾਮਲਾ ਦਰਜ ਕਰਨ ਸੰਬੰਧੀ ਫ਼ੈਸਲੇ ’ਤੇ ਰਾਜਾ ਵੜਿੰਗ ਨੇ ਕਿਹਾ ਕਿ ਹਰ ਇਕ ’ਤੇ ਮਾਮਲਾ ਦਰਜ ਕਰਵਾ ਕੇ ਉਸ ਰਾਜਸੀ ਆਗੂ ਨੂੰ ਦਬਾਉਣ ਦਾ ਜੋ ਰਿਵਾਜ ਪੈ ਗਿਆ ਹੈ, ਜੋ ਕਿ ਬਹੁਤ ਮਾੜਾ ਹੈ, ਇਹ ਨਹੀਂ ਹੋਣਾ ਚਾਹੀਦਾ। ਉਥੇ ਹੀ ਰਾਜਸੀ ਆਗੂਆਂ ਨੂੰ ਵੀ ਭਾਸ਼ਾ ਦੀ ਮਾਣ ਮਰਿਆਦਾ ਰੱਖਣੀ ਚਾਹੀਦੀ ਹੈ।