ਚੰਡੀਗੜ੍ਹ 03 ਦਸੰਬਰ 2024: ਕੁਰੂਕਸ਼ੇਤਰ (Kurukshetra) ‘ਚ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਗੀਤਾ ਮਹੋਤਸਵ (International Gita Mahotsav) ਕਾਰਨ ਧਰਮਕਸ਼ੇਤਰ-ਕੁਰੂਕਸ਼ੇਤਰ ਨੂੰ ਸ਼ਿਲਪਕਾਰੀ ਅਤੇ ਲੋਕ ਕਲਾ ਕੇਂਦਰ ਵਜੋਂ ਵਿਲੱਖਣ ਪਛਾਣ ਮਿਲ ਰਹੀ ਹੈ। ਇਸ ਗੀਤਾ ਸਥਾਨ ਕੁਰੂਕਸ਼ੇਤਰ ਦੀ ਗੋਦ ‘ਚ ਦੇਸ਼ ਦੇ ਲਗਭਗ ਸਾਰੇ ਸੂਬਿਆਂ ਦੀ ਲੋਕ ਕਲਾ ਅਤੇ ਸੰਸਕ੍ਰਿਤੀ ਸਮਾਈ ਹੋਈ ਹੈ। ਹਰ ਸਾਲ ਲੱਖਾਂ ਸ਼ਰਧਾਲੂ ਅਤੇ ਸੈਲਾਨੀ ਇਸ ਲੋਕ ਕਲਾ ਅਤੇ ਸੱਭਿਆਚਾਰ ਨੂੰ ਦੇਖਣ ਲਈ ਕੁਰੂਕਸ਼ੇਤਰ ਪਹੁੰਚਦੇ ਹਨ।
ਧਰਮਕਸ਼ੇਤਰ-ਕੁਰੂਕਸ਼ੇਤਰ ਦੇ ਬ੍ਰਹਮਸਰੋਵਰ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਭਾਰਤ ਦੀ ਸੰਸਕ੍ਰਿਤੀ ਅਤੇ ਸ਼ਿਲਪਕਾਰੀ ਇਕ ਲਘੂ ਭਾਰਤ ਦੇ ਰੂਪ ਵਿਚ ਬ੍ਰਹਮਸਰੋਵਰ ‘ਤੇ ਇਕੱਠੀ ਹੋਈ ਹੋਵੇ। ਗੀਤਾ ਮਹੋਤਸਵ ‘ਚ ਕਾਰੀਗਰਾਂ ਦੀ ਕਲਾ ਖਿੱਚ ਦਾ ਕੇਂਦਰ ਬਣੀ ਰਹੀ।
ਇਸ ਅੰਤਰਰਾਸ਼ਟਰੀ ਗੀਤਾ ਮਹੋਤਸਵ (International Gita Mahotsav) ‘ਚ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸੈਲਾਨੀਆਂ ਨੂੰ ਬ੍ਰਹਮਸਰੋਵਰ ਦੇ ਘਾਟਾਂ ‘ਤੇ ਉਤਰਾਖੰਡ, ਪੰਜਾਬ, ਹਿਮਾਚਲ ਪ੍ਰਦੇਸ਼, ਰਾਜਸਥਾਨ, ਦਿੱਲੀ, ਮਿਜ਼ੋਰਮ, ਮੇਘਾਲਿਆ, ਅਸਾਮ, ਤ੍ਰਿਪੁਰਾ, ਲੱਦਾਖ, ਪੱਛਮੀ ਬੰਗਾਲ ਆਦਿ ਸੂਬਿਆਂ ਦੇ ਲੋਕ ਨਾਚਾਂ ਦੀ ਪੇਸ਼ਕਾਰੀ ਦਿੱਤੀ ਜਾ ਰਹੀ ਹੈ।
ਅੰਤਰਰਾਸ਼ਟਰੀ ਗੀਤਾ ਮਹੋਤਸਵ ਦੌਰਾਨ ਬ੍ਰਹਮਸਰੋਵਰ ਦੇ ਪਵਿੱਤਰ ਕੰਢੇ ‘ਤੇ ਵੱਖ-ਵੱਖ ਸੂਬਿਆਂ ਦੇ ਵੱਖ-ਵੱਖ ਸੁਆਦੀ ਪਕਵਾਨ ਜਿਵੇਂ ਕਿ ਰਾਜਸਥਾਨ ਦੀ ਕਚੌਰੀ, ਪੰਜਾਬ ਦੀ ਲੱਸੀ, ਬਿਹਾਰ ਦਾ ਲਿਟੀ ਚੋਖਾ, ਕਸ਼ਮੀਰ ਦਾ ਕਾਹਵਾ ਸੈਲਾਨੀਆਂ ਨੂੰ ਆਕਰਸ਼ਿਤ ਕਰ ਰਹੇ ਹਨ।