July 7, 2024 1:20 pm
ਬਲਬੀਰ ਸਿੰਘ ਸੀਚੇਵਾਲ

ਦੇਸ਼ ਜਲ ਸੰਕਟ ਤੇ ਜਲਵਾਯੂ ਤਬਦੀਲੀ ਨਾਲ ਜੂਝ ਰਿਹਾ ਹੈ: ਸੰਤ ਬਲਬੀਰ ਸਿੰਘ ਸੀਚੇਵਾਲ

ਸੁਲਤਾਨਪੁਰ ਲੋਧੀ, 29 ਜਨਵਰੀ 2024: ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਬਿਦਰ ਦੇ ਗੁਰੂਘਰ ਵੱਲੋਂ ਸਨਮਾਨ ਕੀਤਾ ਗਿਆ। ਰਾਜ ਸਭਾ ਦੇ ਮੈਂਬਰ ਬਣਨ ਤੋਂ ਬਾਅਦ ਪਹਿਲੀ ਵਾਰ ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ ਗਏ ਸਨ। ਗੁਰਦੁਆਰਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸੰਤ ਸੀਚੇਵਾਲ ਦਾ ਧਾਰਮਿਕ ਰਿਵਾਇਤਾਂ ਨਾਲ ਸਨਮਾਨ ਕੀਤਾ ਗਿਆ।

ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਰਾਜਵਿੰਦਰ ਸਿੰਘ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ। ਇਸ ਮੌਕੇ ਹਿੰਦੀ ਸਾਹਿਤ ਦੇ ਉੱਘੇ ਸਾਹਿਤਕਾਰ ਡਾ ਰਣਜੀਤ ਸਿੰਘ ਅਰੋੜਾ ਨਾਲ ਗੱਲਬਾਤ ਕਰਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਆਲਮੀ ਤਪਸ਼ ਕਾਰਨ ਜਲਵਾਯੂ ਵਿੱਚ ਹੋਈਆਂ ਤਬਦੀਲੀਆਂ ਦਾ ਅਸਰ ਸਿੱਧਾ ਦਿਖਾਈ ਦੇਣ ਲੱਗ ਪਿਆ ਹੈ। ਦੇਸ਼ ਦੇ 310 ਜ਼ਿਲ੍ਹੇ ਜਲਵਾਯੂ ਤਬਦੀਲੀ ਦੀ ਮਾਰ ਹੇਠ ਆਏ ਹਨ ਜਿਹਨਾਂ ਵਿੱਚੋਂ ਪੰਜਾਬ ਦੇ 9 ਜ਼ਿਲ੍ਹੇ ਵੀ ਸ਼ਾਮਿਲ ਹਨ। ਉਹਨਾਂ ਕਿਹਾ ਜਲਵਾਯੂ ਦੀਆਂ ਇਹ ਤਬਦੀਲੀਆਂ ਮਨੁੱਖੀ ਜੀਵਨ ਨੂੰ ਜਿੱਥੇ ਪ੍ਰਭਾਵਿਤ ਕਰਨਗੀਆਂ ਉੱਥੇ ਫਸਲੀ ਚੱਕਰ ਤੇ ਵੀ ਅਸਰ ਪਾਉਣਗੀਆਂ।

ਦੇਸ਼ ਵਿੱਚ ਜਲ ਸੰਕਟ ਦਾ ਜ਼ਿਕਰ ਕਰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਪਿੰਡਾਂ ਸ਼ਹਿਰਾਂ ਦੇ ਵਰਤੇ ਗਏ ਪਾਣੀ ਨੂੰ ਮੁੜ ਵਰਤੋਂ ਵਿੱਚ ਲਿਆਉਣ ਨਾਲ ਜਲ ਸੰਕਟ ਤੇ ਕਾਫੀ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸੰਨ 1999 ਵਿੱਚ ਉਹਨਾਂ ਨੇ ਆਪਣੇ ਪਿੰਡ ਸੀਚੇਵਾਲ ਵਿੱਚ ਗੰਦੇ ਪਾਣੀਆਂ ਨੂੰ ਸੋਧ ਕੇ ਖੇਤੀ ਨੂੰ ਲਾਉਣ ਯੋਗ ਬਣਾਇਆ ਸੀ। ਇਹ ਤਜ਼ਰਬਾ ਸਫਲ ਰਿਹਾ ਹੈ।

ਹੁਣ ਪੰਜਾਬ ਦੇ ਕਰੀਬ 200 ਤੋਂ ਵੱਧ ਪਿੰਡਾਂ ਦਾ ਸੋਧਿਆ ਹੋਇਆ ਗੰਦਾ ਪਾਣੀ ਖੇਤੀ ਨੂੰ ਲੱਗ ਰਿਹਾ ਹੈ। ਇਸੇ ਮਾਡਲ ਨੂੰ ਕੇਂਦਰ ਸਰਕਾਰ ਗੰਗਾ ਕਿਨਾਰੇ ਵਸਦੇ 1657 ਪਿੰਡਾਂ ਵਿੱਚ ਅਪਣਾਉੇਣ ਲਈ ਯਤਨਸ਼ੀਲ ਹੈ। ਉਹਨਾਂ ਦੱਸਿਆ ਕਿ ਮਹਾਂਰਾਸ਼ਟਰ ਦੇ ਬੁਦੇਲਖੰਡ ਇਲਾਕੇ ਵਿੱਚ ਪਾਣੀ ਦੀ ਵੱਡੀ ਸਮੱਸਿਆ ਰਹੀ ਹੈ। ਇਸੇ ਤਰ੍ਹਾਂ ਤਾਮਿਲਨਾਡੂ ਦੇ ਸੇਲਮ ਇਲਾਕੇ ਸਮੇਤ ਇੱਥੋਂ ਦੀ ਰਾਜਧਾਨੀ ਚੇਨਈ ਵੀ ਪੀਣ ਵਾਲੇ ਪਾਣੀ ਦੇ ਸੰਕਟ ਨਾਲ ਜੂਝ ਰਹੀ ਹੈ।

ਉਹਨਾਂ ਕਿਹਾ ਕਿ ਜਦੋਂ ਤੱਕ ਨਦੀਆਂ ਦਰਿਆਵਾਂ ਵਿੱਚ ਗੰਦੇ ਪਾਣੀ ਪੈਣ ਤੋਂ ਰੋਕੋ ਨਹੀ ਜਾਂਦੇ ਉਦੋਂ ਤੱਕ ਇਹ ਸਮੱਸਿਆ ਹੱਲ ਨਹੀ ਹੋਵੇਗੀ। ਉਹਨਾਂ ਗੁਰਦੁਆਰਾ ਨਾਨਕ ਝੀਰਾ ਸਾਹਿਬ ਦਾ ਜ਼ਿਕਰ ਕਰਦਿਆ ਕਿਹਾ ਕਿ ਉਦਾਸੀਆਂ ਦੌਰਾਨ ਇੱਥੇ ਵੀ ਗੁਰੂ ਨਾਨਕ ਦੇਵ ਜੀ ਆਏ ਸਨ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਜ਼ਿਕਰ ਉਸ ਵੇਲੇ ਲੋਕਾਂ ਨੇ ਕੀਤਾ ਸੀ। ਉਹਨਾਂ ਲੋਕਾਂ ਦੀ ਪੁਕਾਰ ਨੂੰ ਸੁਣਦਿਆ ਹੋਇਆ ਹੀ ਆਪਣੇ ਮੁਬਾਰਕ ਚਰਨਾਂ ਨਾਲ ਪਾਣੀ ਦੇ ਚਸ਼ਮੇ ਨੂੰ ਪ੍ਰਗਟ ਕਰ ਦਿੱਤਾ ਸੀ ਜੋ ਕਿ ਅੱਜ ਵੀ ਨਿਰੰਤਰ ਆਪਣੀ ਧਾਰਾ ਵਿੱਚ ਵੱਗ ਰਿਹਾ ਹੈ।

ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਲਬੀਰ ਸਿੰਘ, ਮਨਦੀਪ ਸਿੰਘ ਅਤੇ ਜਸਵਿੰਦਰ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ। ਸਾਹਿਤਕਾਰ ਡਾ ਰਣਜੀਤ ਸਿੰਘ ਅਰੋੜਾ ਨੇ ਆਪਣੀ ਕਿਤਾਬ ਸਫਰ ਏ ਸ਼ਹਾਦਤ ਵੀ ਸੰਤ ਸੀਚੇਵਾਲ ਨੂੰ ਭੇਂਟ ਕੀਤੀ।