ਚੰਡੀਗੜ, 2 ਅਗਸਤ 2021:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਲਿਖਤੀ ਲਾਰਿਆਂ ਨਾਲ ਲੋਕਾਂ ਦੀਆਂ ਵੱਡੀਆਂ ਉਮੀਦਾਂ ਜਗਾ ਕੇ ਪੰਜਾਬ ਦੀ ਸੱਤਾ ‘ਚ ਆਈ ਕਾਂਗਰਸ ਸਰਕਾਰ ਨੇ ਸੂਬੇ ਦੇ ਹਰੇਕ ਵਰਗ ਨੂੰ ਤਾਂ ਬੁਰੀ ਤਰਾਂ ਨਿਰਾਸ ਕੀਤਾ ਹੈ, ਪ੍ਰੰਤੂ ਅੰਗਹੀਣਾਂ ਪ੍ਰਤੀ ਸੱਤਾਧਾਰੀ ਕਾਂਗਰਸ ਬੇਰਹਿਮੀ ਅਤੇ ਅਸੰਵੇਦਨਸ਼ੀਲ ਦੀਆਂ ਸਾਰੀਆਂ ਹੱਦਾਂ ਟੱਪ ਚੁੱਕੀ ਹੈ। ਇਸ ਦੀ ਤਾਜ਼ਾ ਮਿਸਾਲ ਅੰਗਹੀਣਾਂ ਦੇ ਚੰਡੀਗੜ ‘ਚ ਚੱਲ ਰਹੇ ਸੰਘਰਸ਼ ਤੋਂ ਮਿਲਦੀ ਹੈ।
ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸੂਬੇ ਦੇ ਅੰਗਹੀਣ ਆਪਣੀਆਂ ਲੰਮੇ ਸਮੇਂ ਤੋਂ ਲਟਕ ਦੀਆਂ ਆ ਰਹੀਆਂ ਜਾਇਜ਼ ਮੰਗਾਂ ਨੂੰ ਲੈ ਕੇ ਪਿਛਲੇ 7 ਦਿਨਾਂ ਤੋਂ ਮੁੱਖ ਮੰਤਰੀ ਪੰਜਾਬ ਦੀ ਸਰਕਾਰੀ ਰਿਹਾਇਸ਼ ਨੇੜੇ ਰੋਸ਼ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹਨ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕੋਈ ਵੀ ਸੱਤਾਧਾਰੀ ਕਾਂਗਰਸੀ ਇਹਨਾਂ ਦੀ ਸਾਰ ਲੈਣਾ ਜ਼ਰੂਰੀ ਨਹੀਂ ਸਮਝਦਾ।
ਚੀਮਾ ਨੇ ਕਿਹਾ ਕਿ ਅੰਗਹੀਣਾਂ ਦੀ ਤ੍ਰਾਸ਼ਦੀ ਇਹ ਹੈ ਕਿ ਅੰਗਹੀਣ ਪ੍ਰਦਰਸ਼ਨਕਾਰੀ ਨਵਾਂ ਗਾਂਓ ਦੇ ਗੁਰਦੁਆਰਾ ਸਾਹਿਬ ਤੋਂ ਰੁੜਦੇ, ਡਿੱਗਦੇ – ਢਹਿੰਦੇ ਰੋਜ਼ਾਨਾਂ ਮੁੱਖ ਮੰਤਰੀ ਨਿਵਾਸ ਨੇੜਲੇ ਨਾਕੇ ‘ਤੇ ਪਹੁੰਚਦੇ ਹਨ, ਜਿਥੋਂ ਚੰਡੀਗੜ ਪੁਲਸ ਚੁੱਕ ਕੇ ਇਹਨਾਂ ਨੂੰ ਸੈਕਟਰ 25 ਦੇ ਰੈਲੀ ਗਰਾਊਂਡ ਵਿੱਚ ਛੱਡ ਆਉਂਦੀ ਹੈ। ਉਥੋਂ ਫਿਰ ਸੰਘਰਸ਼ੀ ਯੋਧੇ ਰੁੜ – ਰੁੜ ਕੇ ਨਵਾਂ ਗਰਾਂਓ ਦੇ ਗੁਰਦੁਆਰਾ ਸਾਹਿਬ ਰਾਤ ਗੁਜਾਰਣ ਪਹੁੰਚਦੇ ਹਨ। ਹਰ ਰੋਜ਼ ਸੜਕ ‘ਤੇ ਰੁੜਣ ਕਾਰਨ ਬਹੁਤਿਆਂ ਦੇ ਹੱਥ, ਪੈਰ ਅਤੇ ਗੋਡੇ ਉਚੱੜ ਚਮੜੀ (ਉਤੱਰ ਜਾਣਾ) ਕੇ ਲਹੂ – ਲੁਹਾਣ ਹੋ ਜਾਂਦੇ ਹਨ, ਪ੍ਰੰਤੂ ਬੇਦਰਦ ਅਤੇ ਬੇਕਿਰਕ ਕਾਂਗਰਸ ਸਰਕਾਰ ਨੂੰ ਕੋਈ ਫ਼ਰਕ ਨਹੀਂ ਪੈ ਰਿਹਾ, ਜੋ ਅਤਿ ਨਿੰਦਰਣਯੋਗ ਤੇ ਬੇਸ਼ਰਮ ਰਵੱਈਆ ਹੈ ਅਤੇ ਇਹ ਸੱਤਾਧਾਰੀ ਧਿਰਾਂ ਨੂੰ ਸ਼ੋਭਾ ਨਹੀਂ ਦਿੰਦਾ।
ਹਰਪਾਲ ਸਿੰਘ ਚੀਮਾ ਨੇ ‘ਆਪ’ ਵੱਲੋਂ ਅੰਗਹੀਣ ਭਲਾਈ ਯੂਨੀਅਨ ਪੰਜਾਬ ਸਮੇਤ ਸੰਬੰਧਿਤ ਸਾਰੇ ਸੰਗਠਨਾਂ ਦੀਆਂ ਮੰਗਾਂ ਦੀ ਵਕਾਲਤ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸੂਬੇ ਦੇ ਕਰੀਬ 8 ਲੱਖ ਅੰਗਹੀਣਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਤੁਰੰਤ ਮੰਨ ਲੈਣੀਆ ਚਾਹੀਦੀਆਂ ਹਨ, ਤਾਂ ਕਿ ਇਹ ਵਰਗ ਕਿਸੇ ‘ਤੇ ਨਿਰਭਰ ਨਾ ਰਹਿ ਕੇ ਆਪਣੀਆਂ ਜ਼ਿੰਮੇਵਾਰੀਆਂ ਦਾ ਬੋਝ ਖੁੱਦ ਚੁੱਕ ਸਕੇ।
ਚੀਮਾ ਨੇ ਕੈਪਟਨ ਸਰਕਾਰ ਨੂੰ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਕੀਤੀ ਭਰਤੀ ਦੌਰਾਨ ਅੰਗਹੀਣਾਂ ਨੂੰ ਅਣਗੌਲਿਆਂ ਕਰਨ ਖ਼ਿਲਾਫ਼ ਹਾਈਕੋਰਟ ਵਿੱਚ ਚੱਲਦੇ ਕੇਸ ਵਿੱਚ ਅੰਗਹੀਣਾਂ ਦੇ ਹੱਕ ਵਿੱਚ ਹਲਫ਼ਨਾਮਾ ਦਿੱਤਾ ਜਾਵੇ। ਕੰਟਰੈਕਟ ਬੇਸ, ਆਊਟਸੋਰਸ ਅਤੇ ਡੀ.ਸੀ ਰੇਟਾਂ ‘ਤੇ ਭਰਤੀ ਕਰਨ ਸਮੇਂ ਅੰਗਹੀਣਾਂ ਦਾ 4 ਫ਼ੀਸਦੀ ਕੋਟਾ ਬਹਾਲੀ ਦਾ ਪੱਤਰ ਜਾਰੀ ਕੀਤਾ ਜਾਵੇ ਅਤੇ ਅੰਗਹੀਣ ਮੁਲਾਜ਼ਮਾਂ ਦੀ ਸੇਵਾ ਮੁੱਕਤੀ ਉਮਰ 65 ਸਾਲ ਕੀਤੀ ਜਾਵੇ। ਇਸ ਤੋਂ ਇਲਾਵਾ ਅੰਗਹੀਣ ਬੱਚਿਆਂ ਦੀ ਪੜਾਈ ਦਾ ਵਜ਼ੀਫ਼ਾ ਅਤੇ ਅੰਗਹੀਣ ਵਿਅਕਤੀ ਦਾ ਗੁਜ਼ਾਰਾ ਭੱਤਾ 4 ਹਜ਼ਾਰ ਪ੍ਰਤੀ ਮਹੀਨਾ, ਅੰਗਹੀਣ ਕਰਚਮਾਰੀਆਂ ਦਾ ਆਵਾਜਾਈ ਭੱਤਾ 3 ਹਜ਼ਾਰ ਕਰਨ ਸਮੇਤ ਅੰਗਹੀਣਾਂ ਦਾ ਬੱਸ ਕਿਰਾਇਆ ਮੁਆਫ਼ ਕੀਤਾ ਜਾਵੇ ਅਤੇ ਅੰਗਹੀਣ ਵਿਕਅਤੀ ਨੂੰ ਸਹੂਲਤਾਂ ਲੈਣ ਸਮੇਂ ਅਮਦਨ ਦੀ ਹੱਦ ਖ਼ਤਮ ਕੀਤੀ ਜਾਵੇ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਪਿਛਲੀ ਬਾਦਲ ਸਰਕਾਰ ਵਾਂਗੂ ਇਸ ਕਾਂਗਰਸ ਸਰਕਾਰ ਨੇ ਅੰਗਹੀਣਾਂ ਦੀਆਂ ਮਗਾਂ ਨਾ ਮੰਨੀਆਂ ਤਾਂ 2022 ‘ਚ ‘ਆਪ’ ਦੀ ਸਰਕਾਰ ਬਣਨ ‘ਤੇ ਇਹਨਾਂ ਦੇ ਸਾਰੇ ਮਸਲੇ ਪਹਿਲ ਦੇ ਆਧਾਰ ‘ਤੇ ਹੱਲ ਹੋਣਗੇ।