ਲਿਖਾਰੀ
ਇੰਦਰਜੀਤ ਸਿੰਘ ਹਰਪੁਰਾ
(ਬਟਾਲਾ)
ਭਾਂਵੇਂ ਮਜੀਠਾ (Majitha) ਸ਼ਹਿਰ ਦੇ ਵਸਨੀਕ ਆਪਣੇ ਸ਼ਹਿਰ ਦਾ ਇਤਿਹਾਸ ਅਤੇ ਇਤਿਹਾਸਕ ਵਿਰਾਸਤਾਂ ਨੂੰ ਭੁੱਲ ਚੁੱਕੇ ਹੋਣ ਪਰ ਗੂਗਲ ਮੈਪ ਦਾ ਨਕਸ਼ਾ ਅਤੇ ਇਤਿਹਾਸ ਦੇ ਪੰਨੇ `ਮਜੀਠਾ` ਸ਼ਹਿਰ ਦੇ ਅਮੀਰ ਇਤਿਹਾਸ ਦੀ ਬਾਤ ਜਰੂਰ ਪਾਉਂਦੇ ਹਨ। ਇਸ ਲੇਖ ਜਰੀਏ ਮਾਝੇ ਦੇ ਪ੍ਰਮੁੱਖ ਨਗਰ ਮਜੀਠਾ ਦੇ ਇਤਿਹਾਸਕ ਕਿਲ੍ਹੇ ਦੀ ਗੱਲ ਕਰਾਂਗੇ।
ਮਜੀਠਾ (Majitha) ਜੋ ਪੰਜਾਬ ਦੇ ਇਤਿਹਾਸ ਤੇ ਰਾਜਨੀਤੀ ਵਿੱਚ ਆਪਣੀ ਖਾਸ ਥਾਂ ਰੱਖਦਾ ਹੈ, ਇਸ ਨਗਰ ਨੂੰ ਮੁਗਲ ਕਾਲ ਸਮੇਂ ਸ਼ੇਰਗਿੱਲ ਕਬੀਲੇ ਦੇ ਮਾਧੋ ਨਾਮ ਦੇ ਜੱਟ ਨੇ ਵਸਾਇਆ ਸੀ। ਸ਼ੁਰੂਆਤੀ ਸਮੇਂ ਇਹ ਚਾਰ-ਪੰਜ ਘਰਾਂ ਦਾ ਇੱਕ ਛੋਟਾ ਜਿਹਾ ਪਿੰਡ ਸੀ ਜੋ ਬਾਅਦ ਵਿੱਚ ਵੱਧਦਾ ਗਿਆ। ਇਸ ਪਿੰਡ ਨੂੰ ਮਾਧੋ ਨੇ ਵਸਾਇਆ ਸੀ ਅਤੇ ਉਹ ਆਪਣੇ ਭੈਣ-ਭਰਾਵਾਂ ਵਿਚੋਂ ਵੱਡਾ ਹੋਣ ਕਾਰਨ ਜੇਠਾ ਪੁੱਤ ਸੀ। ਇਸੇ ਕਾਰਨ ਇਸ ਪਿੰਡ ਨੂੰ ਮਾਧੋ ਜੇਠਾ ਦੇ ਨਾਮ ਨਾਲ ਬੁਲਾਇਆ ਜਾਣ ਲੱਗਾ। ਅੰਮ੍ਰਿਤਸਰ ਸ਼ਹਿਰ ਨਾਲੋਂ ਵੀ ਪੁਰਾਣੇ ਇਸ ਨਗਰ ਦਾ ਨਾਮ ਹੌਲੀ-ਹੌਲੀ ਮਾਧੋ ਜੇਠਾ ਤੋਂ ਮਜੀਠਾ ਬਣ ਗਿਆ ਅਤੇ ਸਿੱਖ ਰਾਜ ਤੋਂ ਲੈ ਕੇ ਅੱਜ ਤੱਕ ਇਸ ਨਗਰ ਦਾ ਸੂਬੇ ਦੇ ਇਤਿਹਾਸ ਵਿੱਚ ਬਹੁਤ ਖਾਸ ਥਾਂ ਹੈ।
ਮਜੀਠਾ (Majitha) ਸ਼ਹਿਰ ਵਿੱਚ ਜਿੱਥੇ ਕਈ ਇਤਿਹਾਸਕ ਸਥਾਨ ਹਨ, ਓਥੇ ਸ਼ਹਿਰ ਦੇ ਬਾਹਰਵਾਰ ਉੱਤਰ-ਪੱਛਮ ਬਾਹੀ `ਤੇ ਕਰੀਬ ਇੱਕ ਕਿਲੋਮੀਟਰ ਦੂਰ ਮਜੀਠਾ ਸ਼ਹਿਰ ਦੇ ਇਤਿਹਾਸਕ ਕਿਲ੍ਹੇ ਦੇ ਨਿਸ਼ਾਨ ਅਜੇ ਵੀ ਦੇਖੇ ਜਾ ਸਕਦੇ ਹਨ। ਇਹ ਕਿਲ੍ਹਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਉੱਘੇ ਜਰਨੈਲ ਸਰਦਾਰ ਲਹਿਣਾ ਸਿੰਘ ਮਜੀਠੀਆ ਦਾ ਕਿਲ੍ਹਾ ਸੀ। ਇਹ ਕਿਲ੍ਹਾ ਤਾਂ ਭਾਵੇਂ ਹੁਣ ਨਹੀਂ ਰਿਹਾ ਪਰ ਕਿਲ੍ਹੇ ਦੀਆਂ ਨੀਂਹਾਂ ਅਤੇ ਨਾਨਕਸ਼ਾਹੀ ਇੱਟਾਂ ਦੇ ਢੇਰ ਅੱਜ ਵੀ ਦੇਖੇ ਜਾ ਸਕਦੇ ਹਨ।
ਇੱਕ ਉੱਚੇ ਟਿੱਬੇ `ਤੇ ਬਣੇ ਇਸ ਕਿਲ੍ਹੇ ਦੇ ਆਲੇ-ਦੁਆਲੇ ਇੱਕ ਡੂੰਘੀ ਖਾਈ ਬਣਾਈ ਗਈ ਸੀ ਜੋ ਅੱਜ ਵੀ ਛੱਪੜ ਦੀ ਸ਼ਕਲ ਵਿੱਚ ਮੌਜੂਦ ਹੈ। ਇਸ ਖਾਈ ਵਿੱਚ ਬਾਦਸ਼ਾਹੀ ਨਹਿਰ ਦਾ ਪਾਣੀ ਛੱਡਿਆ ਜਾਂਦਾ ਸੀ। ਸਰਦਾਰ ਲਹਿਣਾ ਸਿੰਘ ਮਜੀਠੀਆ ਤੋਂ ਬਾਅਦ ਇਸ ਕਿਲ੍ਹੇ ਨੂੰ ਸਰਦਾਰ ਦਿਆਲ ਸਿੰਘ ਮਜੀਠੀਆ ਦਾ ਕਿਲ੍ਹਾ ਵੀ ਕਿਹਾ ਜਾਂਦਾ ਰਿਹਾ ਹੈ।
ਕਿਲ੍ਹੇ ਵਾਲੀ ਥਾਂ `ਤੇ ਉੱਚਾ ਥੇਹ ਅੱਜ ਵੀ ਮੌਜੂਦ ਹੈ। ਕਿਲ੍ਹੇ ਦੀਆਂ ਚਾਰੇ ਨੁੱਕਰਾਂ ਉੱਪਰ ਬਣੇ ਗੋਲ ਅਕਾਰ ਦੇ ਬੁਰਜਾਂ ਦੇ ਨਿਸ਼ਾਨ ਅਤੇ ਥਾਂ-ਥਾਂ ਖਿੱਲਰੀਆਂ ਨਾਨਕਸ਼ਾਹੀ ਇੱਟਾਂ ਅਤੇ ਇਨ੍ਹਾਂ ਇੱਟਾਂ ਨਾਲ ਓਥੇ ਰਹਿ ਰਹੇ ਲੋਕਾਂ ਵੱਲੋਂ ਬਣਾਏ ਢਾਰੇ ਦੇਖੇ ਜਾ ਸਕਦੇ ਹਨ। ਕਰੀਬ 5-6 ਏਕੜ ਵਿੱਚ ਫੈਲਿਆ ਇਹ ਕਿਲ੍ਹਾ ਆਪਣੇ ਜ਼ਮਾਨੇ ਵਿੱਚ ਬਹੁਤ ਸ਼ਾਨੋ-ਸ਼ੌਕਤ ਰੱਖਦਾ ਹੋਵੇਗਾ। ਗੂਗਲ ਮੈਪ ਜਰੀਏ ਅੱਜ ਵੀ ਪ੍ਰਤੱਖ ਤੌਰ `ਤੇ ਇਸ ਕਿਲ੍ਹੇ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ।
ਇਸ ਕਿਲ੍ਹੇ ਦੇ ਨਾਲ ਹੀ ਇੱਕ ਬਹੁਤ ਵੱਡਾ ਤੇ ਖੂਬਸੂਰਤ ਤਲਾਬ ਸਰਦਾਰ ਲਹਿਣਾ ਸਿੰਘ ਮਜੀਠੀਆ ਵੱਲੋਂ ਬਣਾਇਆ ਗਿਆ ਸੀ। ਬਾਦਸ਼ਾਹੀ ਨਹਿਰ ਜਿਸਨੂੰ ਬਾਅਦ ਵਿੱਚ ਸਿੱਖਾਂ ਵਾਲੀ ਨਹਿਰ ਵੀ ਕਿਹਾ ਜਾਂਦਾ ਰਿਹਾ ਹੈ ਦੇ ਪਾਣੀ ਨਾਲ ਇਸ ਤਲਾਬ ਨੂੰ ਭਰਿਆ ਜਾਂਦਾ ਸੀ। ਇਸ ਤਲਾਬ ਦੀਆਂ ਖੂਬਸੂਰਤ ਪੌੜੀਆਂ ਅਤੇ ਪਾਣੀ ਆਉਣ ਵਾਲੇ ਰਸਤੇ ਅਜੇ ਵੀ ਮੌਜੂਦ ਹਨ।
ਕਦੀ ਇਸ ਕਿਲ੍ਹੇ ਤੋਂ ਮਜੀਠਾ ਸਮੇਤ ਵੱਡੇ ਇਲਾਕੇ ਦੀ ਸੁਰੱਖਿਆ ਅਤੇ ਰਾਜਨੀਤੀ ਦੀ ਗੱਲ ਹੁੰਦੀ ਸੀ ਪਰ ਹੁਣ ਇਸ ਕਿਲ੍ਹੇ ਦੇ ਕੁਝ ਹੀ ਨਿਸ਼ਾਨ ਬਚੇ ਹਨ। ਇਸ ਕਿਲ੍ਹੇ ਦੇ ਖਤਮ ਹੋਣ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਸਰਦਾਰ ਲਹਿਣਾ ਸਿੰਘ ਮਜਠੀਆ ਦੇ ਵਾਰਸ ਸਰਦਾਰ ਦਿਆਲ ਸਿੰਘ ਮਜੀਠੀਆ ਦੀ ਅੱਗੇ ਕੋਈ ਸੰਤਾਨ ਨਹੀਂ ਸੀ ਅਤੇ ਉਸਦੀ ਮੌਤ ਤੋਂ ਬਾਅਦ ਉਸ ਵੱਲੋਂ ਕਾਇਮ ਕੀਤੀਆਂ ਟਰੱਸਟਾਂ ਵੱਲੋਂ ਵੀ ਇਸ ਇਤਿਹਾਸਕ ਵਿਰਾਸਤ ਨੂੰ ਸਾਂਭਣ ਲਈ ਕੋਈ ਯਤਨ ਨਾ ਕੀਤਾ ਗਿਆ।
ਹੁਣ ਹਲਾਤ ਇਹ ਹਨ ਮਜੀਠੇ ਦੇ ਬਹੁਤੇ ਲੋਕਾਂ ਨੂੰ ਵੀ ਇਸ ਇਤਿਹਾਸਕ ਕਿਲ੍ਹੇ ਬਾਰੇ ਕੋਈ ਪਤਾ ਨਹੀਂ ਹੈ। ਹਾਂ ਕੁਝ ਬਜ਼ੁਰਗ ਅਤੇ ਇਤਿਹਾਸ ਦੀ ਸਮਝ ਰੱਖਣ ਵਾਲੇ ਵਿਅਕਤੀ ਇਸ ਕਿਲ੍ਹੇ ਨੂੰ ਸਰਦਾਰ ਦਿਆਲ ਸਿੰਘ ਮਜੀਠੀਆ ਦਾ ਕਿਲ੍ਹਾ ਜਰੂਰ ਦੱਸਦੇ ਹਨ।
ਜ਼ਮੀਨੀ ਪੱਧਰ `ਤੇ ਮਜੀਠਾ ਦਾ ਇਹ ਇਤਿਹਾਸਕ ਕਿਲ੍ਹਾ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ ਬੱਸ ਹੁਣ ਇਸਦੇ ਥੇਹ ਉੱਪਰ ਕੁਝ ਨਿਸ਼ਾਨ ਹੀ ਬਚੇ ਹਨ। ਕੀ ਮਜੀਠਾ ਸ਼ਹਿਰ ਦੀਆਂ ਇਨ੍ਹਾਂ ਵਿਰਾਸਤਾਂ ਦੇ ਬਾਕੀ ਰਹਿੰਦੇ ਨਿਸ਼ਾਨ ਵੀ ਖਤਮ ਹੋ ਜਾਣਗੇ ਇਹ ਸਵਾਲ ਜਰੂਰ ਬਣਿਆ ਹੋਇਆ ਹੈ। ਸ਼ਾਇਦ ਮਜੀਠਾ ਦੇ ਸਰਦਾਰ ਘਰਾਣੇ ਅਤੇ ਇਥੋਂ ਦੇ ਵਸਨੀਕਾਂ ਦੇ ਨਾਲ ਇਤਿਹਾਸ ਨੂੰ ਪਿਆਰ ਕਰਨ ਵਾਲੇ ਅੱਗੇ ਆਉਣ ਅਤੇ ਆਪਣੇ ਇਤਿਹਾਸ ਦੀਆਂ ਬਚੀਆਂ ਕੁਝ ਨਿਸ਼ਾਨੀਆਂ ਨੂੰ ਹੀ ਸੰਭਾਲ ਲੈਣ। ਇਹ ਆਸ ਜ਼ਰੂਰ ਕੀਤੀ ਜਾ ਸਕਦੀ ਹੈ ਅਤੇ ਕਰਨੀ ਚਾਹੀਦੀ ਵੀ ਹੈ।
ਖੈਰ ਰੱਬ ਭਲੀ ਕਰੇ…..।