TheUnmute.com

ਮੁੱਖ ਮੰਤਰੀ ਨੇ ਲੁਧਿਆਣਾ ‘ਚ ਸੀਵਰੇਜ ਲਾਈਨਾਂ ਦੀ ਸਫਾਈ ਲਈ ਸੁਪਰ ਸੰਕਸ਼ਨ-ਕਮ-ਜੈਟਿੰਗ ਮਸ਼ੀਨ ਤੇ 50 ਟਰੈਕਟਰਾਂ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ

ਲੁਧਿਆਣਾ, 2 ਅਗਸਤ 2023: ਲੁਧਿਆਣਾ (Ludhiana) ਸ਼ਹਿਰ ਨੂੰ ਸਾਫ-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਹਿਰ ਵਿਚ ਸੀਵਰੇਜ ਲਾਈਨਾਂ ਦੀ ਸਫਾਈ ਬਿਹਤਰ ਢੰਗ ਨਾਲ ਕਰਨ ਲਈ ਸੁਪਰ ਸੰਕਸ਼ਨ-ਕਮ-ਜੈਟਿੰਗ ਮਸ਼ੀਨ ਅਤੇ 50 ਟਰੈਕਟਰਾਂ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ।

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਲੁਧਿਆਣਾ ਸ਼ਹਿਰ ਲਈ ਇਹ ਅਤਿ ਆਧੁਨਿਕ ਸੁਪਰ ਸੰਕਸ਼ਨ-ਕਮ-ਜੈਟਿੰਗ ਮਸ਼ੀਨ 1.45 ਕਰੋੜ ਰੁਪਏ ਦੀ ਲਾਗਤ ਨਾਲ ਖਰੀਦੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮਸ਼ੀਨ ਸ਼ਹਿਰ ਵਿਚ ਲਗਪਗ 200 ਕਿਲੋਮੀਟਰ ਸੀਵਰੇਜ ਲਾਈਨਾਂ ਦੀ ਸਫਾਈ ਦਾ ਕੰਮ ਕਰਨ ਵਿਚ ਬਹੁਤ ਮਦਦਗਾਰ ਸਾਬਤ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ ਇਹ ਮਸ਼ੀਨ ਸੀਵਰੇਜ ਦੀ ਸਮੱਸਿਆ ਦੂਰ ਕਰਨ ਵਿਚ ਸਹਾਈ ਹੋਵੇਗੀ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ।

Ludhiana

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਨਗਰ ਨਿਗਮ, ਲੁਧਿਆਣਾ (Ludhiana) ਨੇ 2.22 ਕਰੋੜ ਰੁਪਏ ਦੀ ਲਾਗਤ ਨਾਲ 50 ਟਰੈਕਟਰ ਖਰੀਦੇ ਹਨ। ਉਨ੍ਹਾਂ ਕਿਹਾ ਕਿ ਇਹ ਟਰੈਕਟਰ ਨਗਰ ਨਿਗਮ ਦੀਆਂ ਵੱਖ-ਵੱਖ ਸ਼ਾਖਾਵਾਂ ਲਈ ਖਰੀਦੇ ਗਏ ਹਨ ਜਿਨ੍ਹਾਂ ਵਿਚ ਬੀ.ਐਡ.ਆਰ. ਸ਼ਾਖਾ, ਓ.ਐਂਡ.ਐਮ. ਸ਼ਾਖਾ, ਸਿਹਤ ਸ਼ਾਖਾ, ਬਾਗਬਾਨੀ ਸ਼ਾਖਾ ਆਦਿ ਸ਼ਾਮਲ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਟਰੈਕਟਰ ਮਲਬਾ ਚੁੱਕਣ, ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਕਰਨ, ਕੂੜਾ-ਕਰਕਟ ਚੁੱਕਣ ਅਤੇ ਹੋਰ ਕਾਰਜਾਂ ਲਈ ਵਰਤੇ ਜਾਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸ਼ਹਿਰਾਂ ਦੇ ਵਿਆਪਕ ਵਿਕਾਸ ਲਈ ਪੂਰਨ ਤੌਰ ਉਤੇ ਵਚਨਬੱਧ ਹੈ ਅਤੇ ਇਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਸੂਬਾ ਦੇ ਲੋਕਾਂ ਦੀ ਭਲਾਈ ਲਈ ਸੂਬਾ ਸਰਕਾਰ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈ। ਭਗਵੰਤ ਮਾਨ ਨੇ ਕਿਹਾ ਕਿ ਸ਼ਹਿਰਾਂ ਦੇ ਸਰਬਪੱਖੀ ਵਿਕਾਸ ਲਈ ਖੁੱਲ੍ਹੇਦਿਲ ਨਾਲ ਫੰਡ ਦੇਣ ਤੋਂ ਇਲਾਵਾ ਇਨ੍ਹਾਂ ਦੇ ਵਿਕਾਸ ਕਾਰਜਾਂ ਲਈ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਉਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਅਤੇ ਹੋਰ ਵੀ ਹਾਜ਼ਰ ਸਨ।

Exit mobile version