Sunil Jakhar

ਆਪ ਸਰਕਾਰ ਦਾ ਬਦਲਾਅ ਪੰਜਾਬ ਦੇ ਲੋਕਾਂ ਨੂੰ ਮਹਿੰਗਾ ਪੈ ਰਿਹਾ ਹੈ: ਸੁਨੀਲ ਜਾਖੜ

ਚੰਡੀਗੜ੍ਹ, 03 ਅਕਤੂਬਰ 2023: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਪੰਜਾਬ ਆ ਕੇ ਇੱਥੋਂ ਦੇ ਆਗੂਆਂ ਨੂੰ ਧਮਕੀਆਂ ਦੇ ਰਹੇ ਹਨ। ਅਰਵਿੰਦ ਕੇਜਰੀਵਾਲ ਨੇ ਖੁੱਲ੍ਹੇ ਮੰਚ ਤੋਂ ਕਾਂਗਰਸ ਪਾਰਟੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ ਉਹ ਨਸ਼ੇ ‘ਚ ਸ਼ਾਮਲ ਆਪਣੇ ਆਗੂਆਂ ਨੂੰ ਪਾਰਟੀ ‘ਚੋਂ ਬਾਹਰ ਕੱਢ ਦੇਣ। ਪੰਜਾਬ ਸਰਕਾਰ ਜਲਦ ਹੀ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰੇਗੀ।

ਸੁਨੀਲ ਜਾਖੜ (Sunil Jakhar) ਨੇ ਕਿਹਾ ਕਿ ਬਦਲਾਅ ਪੰਜਾਬ ਦੇ ਲੋਕਾਂ ਨੂੰ ਮਹਿੰਗਾ ਪੈ ਰਿਹਾ ਹੈ। ਲੋਕਾਂ ਨੇ ਰਵਾਇਤੀ ਪਾਰਟੀਆਂ ਤੋਂ ਤੰਗ ਆ ਕੇ ਸੱਤਾ ਆਮ ਆਦਮੀ ਪਾਰਟੀ ਨੂੰ ਸੌਂਪ ਦਿੱਤੀ ਸੀ ਪਰ ਬਦਲਾਅ ਵਾਲੀ ਸਰਕਾਰ ਹਰ ਰੋਜ਼ ਲੋਕਾਂ ‘ਤੇ 100 ਕਰੋੜ ਰੁਪਏ ਦਾ ਕਰਜ਼ਾ ਥੋਪ ਰਹੀ ਹੈ। ਸਕੂਲ ਬੋਰਡਾਂ ਨੂੰ ਬਦਲਣ ਅਤੇ 10 ਬੈੱਡਾਂ ਵਾਲਾ ਆਈਸੀਯੂ ਬਣਾਉਣ ਲਈ ਸਰਕਾਰ ਵੱਲੋਂ 50 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੈ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪੁਰਾਣੀਆਂ ਸਰਕਾਰਾਂ ਵਾਂਗ ਹੀ ਚੱਲ ਰਹੀ ਹੈ। ਫਿਰ ਅਜਿਹੀ ਤਬਦੀਲੀ ਦੀ ਕੀ ਲੋੜ ਸੀ? ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਜਿਹੀ ਤਬਦੀਲੀ ਦੀ ਕਲਪਨਾ ਵੀ ਨਹੀਂ ਕੀਤੀ ਸੀ।

ਸੁਨੀਲ ਜਾਖੜ ਨੇ ਕਿਹਾ ਕਿ ਜਦੋਂ ਫ਼ਿਰੋਜ਼ਪੁਰ ਵਿੱਚ 250 ਕਰੋੜ ਦੀ ਸੈਟੇਲਾਈਟ ਪੀਜੀਆਈ, ਮੋਹਾਲੀ ਕੈਂਸਰ ਹਸਪਤਾਲ ਅਤੇ ਬਠਿੰਡਾ ਏਮਜ਼ ਦਾ ਉਦਘਾਟਨ ਕੀਤਾ ਗਿਆ ਤਾਂ ਪੰਜਾਬ ਸਰਕਾਰ ਨੇ ਇਸ ਦਾ ਕਿਤੇ ਵੀ ਪ੍ਰਚਾਰ ਨਹੀਂ ਕੀਤਾ, ਸਗੋਂ ਵਾਰਡਾਂ ਵਿੱਚ ਛੋਟੇ-ਛੋਟੇ ਉਦਘਾਟਨ ਕਰਨ ਤੋਂ ਲੈ ਕੇ ਸਕੂਲਾਂ ਦੇ ਨਾਂ ਬਦਲਣ ਅਤੇ ਰਿਬਨ ਕੱਟਣ ਲਈ ਦਿੱਲੀ ਦੇ ਮੁੱਖ ਮੰਤਰੀ ਨੂੰ ਬੁਲਾਇਆ ਜਾ ਰਿਹਾ ਹੈ | ਕੀ ਪੰਜਾਬ ਵਿੱਚ ਕੋਈ ਮੁੱਖ ਮੰਤਰੀ ਨਹੀਂ ਹੈ ?

ਉਨ੍ਹਾਂ ਕਿਹਾ ਕਿ ਸਿਹਤਮੰਦ ਪੰਜਾਬ ਦਾ ਪ੍ਰਚਾਰ ਕਰਨ ਵਾਲੀ ਸਰਕਾਰ ਦੇ ਰਾਜ ਦੌਰਾਨ 266 ਜਣਿਆਂ ਦੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ। ਸਰਕਾਰ ਨੇ ਖੁਦ ਅਦਾਲਤ ਵਿੱਚ ਇਹ ਅੰਕੜਾ ਦੱਸਿਆ ਹੈ, ਜਦੋਂ ਕਿ ਨੈਸ਼ਨਲ ਕ੍ਰਾਈਮ ਬਿਊਰੋ ਅਨੁਸਾਰ 310 ਮੌਤਾਂ ਹੋਈਆਂ ਹਨ।

 

Scroll to Top