ਚੰਡੀਗੜ੍ਹ, 16 ਜੂਨ 2023: ਦਿੱਲੀ ਸਥਿਤ ਨਹਿਰੂ ਮੈਮੋਰੀਅਲ (Nehru Memorial) ਦਾ ਨਾਂ ਬਦਲ ਦਿੱਤਾ ਗਿਆ ਹੈ। ਹੁਣ ਨਹਿਰੂ ਮੈਮੋਰੀਅਲ ਨੂੰ ਪ੍ਰਧਾਨ ਮੰਤਰੀ ਮੈਮੋਰੀਅਲ ਵਜੋਂ ਜਾਣਿਆ ਜਾਵੇਗਾ। ਕਾਂਗਰਸ ਨੇ ਨਾਂ ਬਦਲਣ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ ਹੈ। ਕਾਂਗਰਸ ਨੇ ਕਿਹਾ ਹੈ ਕਿ ਨਾਂ ਦੀ ਤਬਦੀਲੀ ਬਦਲਾਖੋਰੀ ਦਾ ਨਤੀਜਾ ਹੈ। ਨਹਿਰੂ ਮੈਮੋਰੀਅਲ ਮਿਊਜ਼ੀਅਮ ਐਂਡ ਲਾਇਬ੍ਰੇਰੀ ਨੂੰ ਹੁਣ ਪ੍ਰਧਾਨ ਮੰਤਰੀ ਅਜਾਇਬ ਘਰ ਐਂਡ ਸੁਸਾਇਟੀ ਵਜੋਂ ਜਾਣਿਆ ਜਾਵੇਗਾ।
ਤਿੰਨ ਮੂਰਤੀ ਭਵਨ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਸਰਕਾਰੀ ਰਿਹਾਇਸ਼ ਸੀ। ਸੰਸਕ੍ਰਿਤੀ ਮੰਤਰਾਲੇ ਨੇ ਸ਼ੁੱਕਰਵਾਰ (16 ਜੂਨ) ਨੂੰ ਕਿਹਾ ਕਿ NMML ਦੀ ਵਿਸ਼ੇਸ਼ ਬੈਠਕ ‘ਚ ਇਸ ਦਾ ਨਾਂ ਬਦਲਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਸੁਸਾਇਟੀ ਦੇ ਮੀਤ ਪ੍ਰਧਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ |
ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਥਾਂ ਦਾ ਨਾਂ ਇਸ ਤਰ੍ਹਾਂ ਬਦਲਿਆ ਗਿਆ ਹੋਵੇ। ਪਿਛਲੇ ਨੌਂ ਸਾਲਾਂ ਵਿੱਚ ਕਈ ਸਰਕਾਰੀ ਸਕੀਮਾਂ, ਚਿੰਨ੍ਹਾਂ, ਸਥਾਨਾਂ, ਸੜਕਾਂ ਅਤੇ ਪੁਰਸਕਾਰਾਂ ਦੇ ਨਾਂ ਵੀ ਬਦਲੇ ਗਏ ਹਨ। ਪਿਛਲੇ ਸਾਲ ਹੀ ਇੰਡੀਆ ਗੇਟ ‘ਤੇ ਅਮਰ ਜਵਾਨ ਜੋਤੀ ਦੀ ਥਾਂ ਕੇਂਦਰ ਸਰਕਾਰ ਨੇ ਸੁਭਾਸ਼ ਚੰਦਰ ਬੋਸ ਦਾ ਬੁੱਤ ਲਗਾਇਆ ਸੀ। ਇੰਨਾ ਹੀ ਨਹੀਂ ਭਾਜਪਾ ਸ਼ਾਸਤ ਸੂਬਿਆਂ ‘ਚ ਕਈ ਜ਼ਿਲਿਆਂ ਦੇ ਨਾਂ ਵੀ ਬਦਲੇ ਹਨ।