ਚੰਡੀਗੜ੍ਹ, 31 ਅਗਸਤ, 2023: ਕੇਂਦਰ ਸਰਕਾਰ ਨੇ 18 ਤੋਂ 22 ਸਤੰਬਰ ਦਰਮਿਆਨ ਸੰਸਦ ਦਾ ਵਿਸ਼ੇਸ਼ ਸੈਸ਼ਨ (Special Session) ਸੱਦਿਆ ਗਿਆ ਹੈ। ਕੇਂਦਰੀ ਸੰਸਦੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਵੀਰਵਾਰ ਨੂੰ ਟਵਿੱਟਰ ‘ਤੇ ਇਕ ਪੋਸਟ ‘ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੰਸਦ ਦੇ ਵਿਸ਼ੇਸ਼ ਸੈਸ਼ਨ (17ਵੀਂ ਲੋਕ ਸਭਾ ਦਾ 13ਵਾਂ ਸੈਸ਼ਨ ਅਤੇ ਰਾਜ ਸਭਾ ਦਾ 261ਵਾਂ ਸੈਸ਼ਨ) ਦੀਆਂ ਪੰਜ ਬੈਠਕਾਂ ਹੋਣਗੀਆਂ।
ਸੰਸਦ ਦੇ ਇਸ ਵਿਸ਼ੇਸ਼ ਸੈਸ਼ਨ (Special Session) ਦੇ ਏਜੰਡੇ ਬਾਰੇ ਅਧਿਕਾਰਤ ਤੌਰ ‘ਤੇ ਕੁਝ ਨਹੀਂ ਕਿਹਾ ਗਿਆ ਹੈ। ਹਾਲਾਂਕਿ ਇਹ ਸੈਸ਼ਨ 9 ਅਤੇ 10 ਸਤੰਬਰ ਨੂੰ ਰਾਸ਼ਟਰੀ ਰਾਜਧਾਨੀ ‘ਚ ਹੋਣ ਵਾਲੇ ਜੀ-20 ਸੰਮੇਲਨ ਤੋਂ ਕੁਝ ਦਿਨ ਬਾਅਦ ਹੋਣ ਜਾ ਰਿਹਾ ਹੈ।ਦੱਸ ਦਈਏ ਕਿ ਮਣੀਪੁਰ ਹਿੰਸਾ ਨੂੰ ਲੈ ਕੇ ਸੰਸਦ ਦਾ ਮਾਨਸੂਨ ਸੈਸ਼ਨ ਹੰਗਾਮੇ ਨਾਲ ਪ੍ਰਭਾਵਿਤ ਹੋ ਗਿਆ ਸੀ। ਵਿਰੋਧੀ ਧਿਰ ਦੇ ਮੈਂਬਰਾਂ ਨੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਹੰਗਾਮਾ ਕੀਤਾ, ਜਿਸ ਕਾਰਨ ਸਦਨ ਦੀ ਕਾਰਵਾਈ ਵਿੱਚ ਕਈ ਵਾਰ ਵਿਘਨ ਪਿਆ।
ਸੰਸਦ ਦੇ ਆਮ ਤੌਰ ‘ਤੇ ਤਿੰਨ ਸੈਸ਼ਨ ਹੁੰਦੇ ਹਨ। ਇਸ ਵਿੱਚ ਬਜਟ ਸੈਸ਼ਨ, ਮਾਨਸੂਨ ਸੈਸ਼ਨ ਅਤੇ ਸਰਦ ਰੁੱਤ ਸੈਸ਼ਨ ਸ਼ਾਮਲ ਹੁੰਦੇ ਹਨ। ਵਿਸ਼ੇਸ਼ ਹਾਲਾਤਾਂ ਵਿੱਚ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਵਿਵਸਥਾ ਹੈ।