ਚੰਡੀਗੜ, 03 ਅਗਸਤ 2024: ਕੇਂਦਰੀ ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲਾ ਨੈਸ਼ਨਲ ਅਵਾਰਡ ਪੋਰਟਲ https://awards.gov.in ਰਾਹੀਂ ਦੇਸ਼ ਭਰ ਤੋਂ ਕੌਮੀ ਗੋਪਾਲ ਰਤਨ ਪੁਰਸਕਾਰਾਂ (National Gopal Ratna Awards) ਲਈ ਆਨਲਾਈਨ ਅਰਜ਼ੀਆਂ ਮੰਗੀਆਂ ਹਨ। ਸੂਬੇ ਦੇ ਚਾਹਵਾਨ ਕਿਸਾਨ ਅਤੇ ਪਸ਼ੂ ਪਾਲਕ 31 ਅਗਸਤ ਤੱਕ ਪੋਰਟਲ ‘ਤੇ ਆਪਣੀਆਂ ਅਰਜ਼ੀਆਂ ਭੇਜ ਸਕਦੇ ਹਨ।
ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਅਧੀਨ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਪਸ਼ੂ ਪਾਲਣ ਅਤੇ ਡੇਅਰੀ ਖੇਤਰ ਦੇ ਪ੍ਰਭਾਵਸ਼ਾਲੀ ਵਿਕਾਸ ਲਈ ਅਣਥੱਕ ਯਤਨ ਕਰ ਰਿਹਾ ਹੈ, ਤਾਂ ਜੋ ਕਿਸਾਨ ਆਰਥਿਕ ਤੌਰ ‘ਤੇ ਮਜ਼ਬੂਤ ਹੋ ਸਕਣ।
ਉਨ੍ਹਾਂ ਕਿਹਾ ਕਿ ਕੌਮੀ ਗੋਪਾਲ ਰਤਨ ਪੁਰਸਕਾਰ 2024 ( National Gopal Ratna Awards) ‘ਚ ਦੋ ਸ਼੍ਰੇਣੀਆਂ ‘ਚ ਸਰਵੋਤਮ ਡੇਅਰੀ ਫਾਰਮਰ ਅਤੇ ਸਰਵੋਤਮ ਡੀਸੀਐਸ, ਐਫਪੀਓ, ਐਮਪੀਸੀ ਨੂੰ ਹੇਠ ਲਿਖੇ ਅਨੁਸਾਰ ਮੈਰਿਟ ਸਰਟੀਫਿਕੇਟ, ਇੱਕ ਯਾਦਗਾਰੀ ਚਿੰਨ੍ਹ ਅਤੇ ਨਕਦ ਇਨਾਮ ਦੇਣਾ ਸ਼ਾਮਲ ਹੈ। ਇਸ ਵਿੱਚ ਪਹਿਲੇ ਸਥਾਨ ਲਈ 5 ਲੱਖ ਰੁਪਏ, ਦੂਜੇ ਸਥਾਨ ਲਈ 3 ਲੱਖ ਰੁਪਏ ਅਤੇ ਤੀਜੇ ਸਥਾਨ ਲਈ 2 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਹ ਪੁਰਸਕਾਰ 26 ਨਵੰਬਰ ਨੂੰ ਰਾਸ਼ਟਰੀ ਦੁੱਧ ਦਿਹਾੜੇ ਮੌਕੇ ਦਿੱਤੇ ਜਾਣਗੇ।