ਚੰਡੀਗੜ੍ਹ, 07 ਮਾਰਚ 2023: ਕੋਰੋਨਾ ਦੇ ਘਾਤਕ ਸੰਕਰਮਣ ਤੋਂ ਬਾਅਦ, ਹੁਣ ਦੇਸ਼ ਭਰ ਵਿੱਚ ਨਵੇਂ ਫਲੂ ਦੇ ਕੇਸਾਂ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ । ਇਹ ਫਲੂ H3N2 ਇਨਫਲੂਐਂਜ਼ਾ ਵਾਇਰਸ ਹੈ। ਏਮਜ਼ ਦੇ ਸਾਬਕਾ ਡਾਇਰੈਕਟਰ ਡਾਕਟਰ ਰਣਦੀਪ ਗੁਲੇਰੀਆ ਨੇ ਹੁਣ ਇਸ ਬਾਰੇ ਚਿਤਾਵਨੀ ਦਿੱਤੀ ਹੈ।
ਡਾ: ਰਣਦੀਪ ਗੁਲੇਰੀਆ ਨੇ ਦੱਸਿਆ ਕਿ ਇਹ ਵਾਇਰਸ ਬੂੰਦਾਂ ਰਾਹੀਂ ਫੈਲਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਇਸ ਫਲੂ ਦੇ ਮਾਮਲਿਆਂ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਇਸ ਦੇ ਲੱਛਣ ਹਨ ਬੁਖਾਰ, ਗਲੇ ਵਿੱਚ ਖਰਾਸ਼, ਸਰੀਰ ਵਿੱਚ ਦਰਦ ਅਤੇ ਨੱਕ ਦਾ ਵਗਣਾ। ਇਹ ਇਨਫਲੂਐਂਜ਼ਾ ਵਾਇਰਸ ਦੇ ਲੱਛਣ ਹਨ । ਡਾ: ਗੁਲੇਰੀਆ ਨੇ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਇਸ ਬਾਰੇ ਚਿੰਤਾ ਕਰਨ ਦੀ ਬਹੁਤੀ ਲੋੜ ਹੈ ਕਿਉਂਕਿ ਇਸ ਕਾਰਨ ਹਸਪਤਾਲ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਨਹੀਂ ਹੈ। ਇਹ ਵਾਇਰਲ ਹਰ ਸਾਲ ਕੁਝ ਨਾ ਕੁਝ ਬਦਲਦਾ ਹੈ।
ਲਗਾਤਾਰ ਖੰਘ ਜਾਂ ਕਈ ਵਾਰ ਬੁਖਾਰ ਦੀ ਸਮੱਸਿਆ ਦਾ ਵੱਡਾ ਕਾਰਨ ਇਨਫਲੂਐਂਜ਼ਾ-ਏ ਦੇ ਉਪ-ਕਿਸਮ H3N2 ਕਾਰਨ ਹੁੰਦਾ ਹੈ। ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਦੇਸ਼ ਵਿੱਚ ਇਹ ਸਮੱਸਿਆ ਬਣੀ ਹੋਈ ਹੈ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਦੇ ਮਾਹਰਾਂ ਨੇ ਇਸ ਦਾ ਕਾਰਨ ਇਨਫਲੂਐਂਜ਼ਾ-ਏ ਦੀ ਉਪ-ਕਿਸਮ H3N2 ਨੂੰ ਦੱਸਿਆ ਹੈ।
ICMR ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ H3N2 ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਜਨਤਕ ਸਿਹਤ ਲਈ ਖ਼ਤਰਾ ਬਣਿਆ ਹੋਇਆ ਹੈ। ਹੋਰ ਉਪ-ਕਿਸਮਾਂ ਦੇ ਮੁਕਾਬਲੇ, ਇਸ ਤੋਂ ਪ੍ਰਭਾਵਿਤ ਵਧੇਰੇ ਲੋਕ ਹਸਪਤਾਲ ਵਿੱਚ ਭਰਤੀ ਹਨ। ਉਨ੍ਹਾਂ ਨੇ ਲੋਕਾਂ ਨੂੰ ਵਾਇਰਸ ਤੋਂ ਬਚਾਉਣ ਲਈ ਕਰਨ ਅਤੇ ਨਾ ਕਰਨ ਦੀ ਸੂਚੀ ਵੀ ਜਾਰੀ ਕੀਤੀ ਹੈ।
ਇਸ ਦੌਰਾਨ, ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਦੇਸ਼ ਭਰ ਵਿੱਚ ਖੰਘ, ਜ਼ੁਕਾਮ ਅਤੇ ਮਤਲੀ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਐਂਟੀਬਾਇਓਟਿਕਸ ਦੀ ਅੰਨ੍ਹੇਵਾਹ ਵਰਤੋਂ ਵਿਰੁੱਧ ਇੱਕ ਸਲਾਹ ਵੀ ਜਾਰੀ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਅਜਿਹਾ ਮੌਸਮੀ ਬੁਖਾਰ ਪੰਜ ਤੋਂ ਸੱਤ ਦਿਨ ਤੱਕ ਰਹਿੰਦਾ ਹੈ।
ਇਸ ਤਰ੍ਹਾਂ ਕਰੋ ਆਪਣਾ ਬਚਾਓ
- ਜਨਤਕ ਤੌਰ ‘ਤੇ ਮਾਸਕ ਪਹਿਨੋ
ਹੱਥਾਂ ਨੂੰ ਨਿਯਮਿਤ ਤੌਰ ‘ਤੇ ਧੋਵੋ ਅਤੇ ਜਨਤਕ ਥਾਵਾਂ ‘ਤੇ ਹੱਥ ਮਿਲਾਉਣ ਅਤੇ ਥੁੱਕਣ ਤੋਂ ਬਚੋ
ਅੱਖਾਂ ਅਤੇ ਨੱਕ ਨੂੰ ਛੂਹਣ ਤੋਂ ਬਚੋ
ਖੰਘਣ ਵੇਲੇ ਮੂੰਹ ਅਤੇ ਨੱਕ ਨੂੰ ਢੱਕੋ
ਪ੍ਰਦੂਸ਼ਿਤ ਥਾਵਾਂ ‘ਤੇ ਜਾਣ ਤੋਂ ਬਚੋ
ਬਹੁਤ ਸਾਰਾ ਤਰਲ ਜਾਂ ਪਾਣੀ ਪੀਓ
ਸਰੀਰ ਵਿੱਚ ਦਰਦ ਜਾਂ ਬੁਖਾਰ ਦੀ ਸਥਿਤੀ ਵਿੱਚ ਪੈਰਾਸੀਟਾਮੋਲ ਲਓ