July 2, 2024 9:56 pm
Punjabi University

ਪਟਿਆਲਾ ਯੂਨੀਵਰਸਿਟੀ ‘ਚ ਵਿਦਿਆਰਥਣ ਦੀ ਮੌਤ ਦਾ ਮਾਮਲਾ: ਜਾਂਚ ਕਮੇਟੀ ਦੀ ਰਿਪੋਰਟ ‘ਚ ਹੋਏ ਅਹਿਮ ਖ਼ੁਲਾਸੇ

ਪਟਿਆਲਾ, 14 ਅਕਤੂਬਰ 2023: ਪੰਜਾਬੀ ਯੂਨੀਵਰਸਿਟੀ (Patiala University) ਵਿੱਚ ਜਾਂਚ ਕਮੇਟੀ ਦੀ ਰਿਪੋਰਟ ਆਉਣ ਨਾਲ ਇਹ ਸਾਫ਼ ਹੋ ਗਿਆ ਹੈ ਕਿ ਵਿਦਿਆਰਥਣ ਜਸ਼ਨਪ੍ਰੀਤ ਕੌਰ ਦੀ ਮੌਤ ਬੀਮਾਰੀ ਕਾਰਨ ਹੋਈ ਸੀ। ਜਾਂਚ ਕਮੇਟੀ ਨੇ ਟਿੱਪਣੀ ਕੀਤੀ ਹੈ ਕਿ ਚਰਚਾ ਵਿੱਚ ਆਏ ਅਧਿਆਪਕ ਦਾ ਵਿਹਾਰ ਸਲੀਕੇ ਦੇ ਘੇਰੇ ਤੋਂ ਬਾਹਰ ਹੈ। ਜਾਂਚ ਕਮੇਟੀ ਤਮਾਮ ਗਵਾਹਾਂ ਦੀਆਂ ਗਵਾਹੀਆਂ ਦਰਜ ਕਰਨ ਤੋਂ ਬਾਅਦ ਇਨ੍ਹਾਂ ਨਤੀਜਿਆਂ ਉੱਤੇ ਪਹੁੰਚੀ ਹੈ। ਹੋਸਟਲ ਵਾਰਡਨ, ਡਾਕਟਰਾਂ, ਜਸ਼ਨਪ੍ਰੀਤ ਕੌਰ ਦੇ ਪਰਿਵਾਰ ਦੇ ਜੀਆਂ ਅਤੇ ਗਵਾਂਢੀਆਂ ਅਤੇ ਹੋਰ ਗਵਾਹਾਂ ਦੀਆਂ ਗਵਾਹੀਆਂ ਦਰਜ ਕਰਦੇ ਹੋਏ ਜਾਂਚ ਕਮੇਟੀ ਨੇ ਲਿਖਿਆ ਹੈ ਕਿ ਜਸ਼ਨਦੀਪ ਕੌਰ ਦੀ ਮੌਤ ਬੀਮਾਰੀ ਕਾਰਨ ਹੋਈ ਹੈ।

ਇਸੇ ਦੌਰਾਨ ਜਾਂਚ ਕਮੇਟੀ ਨੇ ਕੁਝ ਵਿਦਿਆਰਥੀ ਦੀਆਂ ਗਵਾਹੀਆਂ ਦਰਜ ਕੀਤੀਆਂ ਹਨ ਜਿਨ੍ਹਾਂ ਨੇ ਚਰਚਾ ਵਿੱਚ ਆਏ ਪ੍ਰੋਫੈਸਰ ਖ਼ਿਲਾਫ਼ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਸਨ। ਜਾਂਚ ਕਮੇਟੀ ਨੇ ਟਿੱਪਣੀ ਕੀਤੀ ਹੈ ਕਿ ਪ੍ਰੋਫੈਸਰ ਦਾ ਵਿਹਾਰ ਅਧਿਆਪਕ ਦੇ ਮਿਆਰ ਤੋਂ ਨੀਵਾਂ ਹੈ ਜਿਸ ਨੂੰ ਮਾੜਾ, ਰੁੱਖਾ ਅਤੇ ਫਾਹਸ਼ ਮੰਨਿਆ ਜਾਣਾ ਚਾਹੀਦਾ ਹੈ।

ਇਹ ਜ਼ਿਕਰਯੋਗ ਹੈ ਕਿ ਜਸ਼ਨਪ੍ਰੀਤ ਕੌਰ ਨਾਮ ਦੀ ਵਿਦਿਆਰਥਣ ਪੰਜ ਸਾਲਾ ਏਕੀਕ੍ਰਿਤ ਕੋਰਸ ਭਾਸ਼ਾਵਾਂ ਵਿੱਚ ਪੜ੍ਹਦੀ ਸੀ ਜਿਸ ਦੀ ਮੌਤ 14 ਸਤੰਬਰ ਨੂੰ ਉਸ ਦੇ ਘਰ ਵਿਖੇ ਹੋ ਗਈ ਸੀ। ਇਸ ਤੋਂ ਪਹਿਲਾਂ 13 ਸਤੰਬਰ ਨੂੰ ਉਸ ਦੇ ਬੀਮਾਰ ਹੋਣ ਉਪਰੰਤ ਉਸ ਦਾ ਮੁੱਢਲਾ ਇਲਾਜ ਯੂਨੀਵਰਸਿਟੀ ਹੈਲਥ ਸੈਂਟਰ ਵਿੱਚ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਸ ਦਾ ਪਰਿਵਾਰ ਜਸ਼ਨਪ੍ਰੀਤ ਕੌਰ ਨੂੰ ਘਰ ਲੈ ਗਿਆ ਸੀ।

ਯੂਨੀਵਰਸਿਟੀ (Patiala University) ਵੱਲੋਂ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਲਈ ਲੋੜੀਂਦੀ ਪ੍ਰਕ੍ਰਿਆ ਸ਼ੁਰੂ ਦਿੱਤੀ ਗਈ ਹੈ। ਇਹ ਰਿਪੋਰਟ 21 ਦਿਨਾ ਜਾਂਚ ਤੋਂ ਬਾਅਦ 11 ਸਤੰਬਰ ਨੂੰ ਪੇਸ਼ ਕੀਤੀ ਗਈ ਸੀ। ਇਸ ਰਿਪੋਰਟ ਦੇ ਆਧਾਰ ਉੱਤੇ ਬਣਦੀ ਕਾਰਵਾਈ ਅੱਜ 13 ਸਤੰਬਰ ਨੂੰ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੇ ਹੁਕਮਾਂ ਤਹਿਤ ਸ਼ੁਰੂ ਹੋ ਗਈ ਹੈ। ਇਹ ਜਾਂਚ ਸੇਵਾਮੁਕਤ ਜੱਜ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ ਹੈ ਅਤੇ ਉਨ੍ਹਾਂ ਦੀ ਜਾਂਚ ਵਿੱਚ ਸਹਾਇਤਾ ਡਾ. ਹਰਸ਼ਿੰਦਰ ਕੌਰ ਨੇ ਕੀਤੀ ਹੈ।