Church

ਪੰਜਾਬ ‘ਚ ਸਭ ਤੋਂ ਪੁਰਾਣੀ ਚਰਚ ਵੇਚਣ ਦਾ ਮਾਮਲਾ, DC ਨੇ ਰੋਕੀ ਜ਼ਮੀਨਾਂ ਦੀ ਰਜਿਸਟਰੀ

ਚੰਡੀਗੜ੍ਹ, 07 ਸਤੰਬਰ 2024: ਜਲੰਧਰ ਦੇ ਸਭ ਤੋਂ ਪੁਰਾਣੇ ਚਰਚਾਂ ‘ਚੋਂ ਇੱਕ ਗੋਲਕਨਾਥ ਚਰਚ (Church) ਨੂੰ ਵੇਚਣ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਚਰਚ ਨੂੰ 5 ਕਰੋੜ ਰੁਪਏ ਦੀ ਬਿਆਨਾ ਰਾਸ਼ੀ ਵੀ ਦਿੱਤੀ ਹੈ। ਚਰਚ ਦੀ ਜ਼ਮੀਨ ਦੀ ਰਜਿਸਟਰੀ ਵੀ ਦੋ ਦਿਨਾਂ ਵਿੱਚ ਹੋਣੀ ਸੀ ਪਰ ਇਸ ਤੋਂ ਪਹਿਲਾਂ ਹੀ ਯੂਨਾਈਟਿਡ ਚਰਚ ਆਫ਼ ਨਾਰਥ ਇੰਡੀਆ ਟਰੱਸਟ ਦੇ ਅਧਿਕਾਰੀਆਂ ਨੂੰ ਇਸ ਕਥਿਤ ਧੋਖਾਧੜੀ ਬਾਰੇ ਪਤਾ ਲੱਗਾ।

ਅਧਿਕਾਰੀਆਂ ਨੇ ਬਿਨਾਂ ਕਿਸੇ ਦੇਰੀ ਦੇ ਤੁਰੰਤ ਇਸ ਧੋਖਾਧੜੀ ਦੀ ਸ਼ਿਕਾਇਤ ਜਲੰਧਰ ਦੇ ਤਹਿਸੀਲਦਾਰ-1, ਐੱਸ. ਡੀ.ਐਮ., ਡੀ.ਸੀ. ਅਤੇ ਸੀ.ਪੀ. ਨੂੰ ਦਿੱਤੀ । ਇਸ ਤੋਂ ਬਾਅਦ ਤਹਿਸੀਲਦਾਰ ਅਤੇ ਡੀ.ਸੀ. ਨੇ ਚਰਚ ਦੀਆਂ ਜ਼ਮੀਨਾਂ ਦੀ ਰਜਿਸਟਰੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਸੌਦਾ ਕਿੰਨਾ ਤੈਅ ਹੋਇਆ ਸੀ, ਇਸ ਬਾਰੇ ਜਾਣਕਾਰੀ ਉਪਲਬੱਧ ਨਹੀਂ ਹੈ।

ਟਰੱਸਟ ਦੇ ਸਕੱਤਰ ਅਮਿਤ ਪ੍ਰਕਾਸ਼ ਮੁਤਾਬਕ ਪਿਛਲੇ ਮੰਗਲਵਾਰ ਉਨ੍ਹਾਂ ਨੂੰ ਪਤਾ ਲੱਗਾ ਕਿ ਗੋਲਕ ਨਾਥ ਮੈਮੋਰੀਅਲ ਚਰਚ (Church) ਦੀ ਰਜਿਸਟ੍ਰੇਸ਼ਨ ਦੋ ਦਿਨਾਂ ‘ਚ ਹੋਣ ਵਾਲੀ ਹੈ। ਚਰਚ ਦੀ ਕਥਿਤ 24 ਕਨਾਲ ਤੋਂ ਵੱਧ ਜ਼ਮੀਨ ਦੀ 5 ਕਰੋੜ ਰੁਪਏ ਦੀ ਡੀਡ ਦੀ ਕਾਪੀ ਉਸ ਕੋਲ ਪਹੁੰਚ ਚੁੱਕੀ ਹੈ। ਇਸ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਜਾਰਡਨ ਮਸੀਹ ਵਾਸੀ ਈਸਾ ਨਗਰ, ਲੁਧਿਆਣਾ ਨੇ ਚਰਚ ਨੂੰ ਵੇਚਣ ਦਾ ਕਥਿਤ ਸੌਦਾ ਬਾਬਾ ਦੱਤ ਵਾਸੀ ਲਾਡੋਵਾਲੀ ਰੋਡ, ਜਲੰਧਰ ਨਾਲ ਕੀਤਾ ਸੀ। ਇਸ ਸਬੰਧੀ ਸੂਚਨਾ ਮਿਲਣ ’ਤੇ ਉਹ ਸਭ ਤੋਂ ਪਹਿਲਾਂ ਜਲੰਧਰ ਪੁੱਜੇ ਅਤੇ ਸਾਰਾ ਮਾਮਲਾ ਤਹਿਸੀਲਦਾਰ ਮਨਿੰਦਰ ਸਿੰਘ ਨੂੰ ਦੱਸਿਆ।

ਤਹਿਸੀਲਦਾਰ ਦੇ ਕਹਿਣ ’ਤੇ ਉਨ੍ਹਾਂ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਅਤੇ ਚਰਚ ਦੀ ਜ਼ਮੀਨ ਦੀ ਰਜਿਸਟਰੀ ਰੁਕਵਾਈ। ਇਸ ਤੋਂ ਬਾਅਦ ਐੱਸ.ਡੀ.ਐੱਮ. ਅਤੇ ਡੀ.ਸੀ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਗਈ। ਜਾਰਡਨ ਮਸੀਹ ਖ਼ਿਲਾਫ਼ ਕੇਸ ਦਰਜ ਕਰਨ ਲਈ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ । ਇਸ ਬਾਰੇ ਪਤਾ ਲੱਗਣ ਤੋਂ ਬਾਅਦ ਸ਼ੁੱਕਰਵਾਰ ਰਾਤ ਨੂੰ ਲੋਕ ਚਰਚ ਦੇ ਬਾਹਰ ਪਹੁੰਚ ਗਏ।

ਅਮਿਤ ਪ੍ਰਕਾਸ਼ ਨੇ ਦੱਸਿਆ ਕਿ ਜਾਰਡਨ ਮਸੀਹ ਨੇ ਯੂਨਾਈਟਿਡ ਚਰਚ ਆਫ ਨਾਰਥ ਇੰਡੀਆ ਟਰੱਸਟ ਦੇ ਨਾਂ ‘ਤੇ ਫਰਜ਼ੀ ਟਰੱਸਟ ਬਣਾ ਕੇ ਇਹ ਧੋਖਾਧੜੀ ਕੀਤੀ ਹੈ। ਬਿਆਨ ‘ਚ ਉਨਾਂ ਨੇ ਚਰਚ ਦੀ ਜ਼ਮੀਨ ਦਾ ਖਸਰਾ ਨੰਬਰ ਵੀ ਲਿਖਿਆ ਹੈ। ਉਹ ਇਸ ਕਥਿਤ ਫਰਜ਼ੀ ਟਰੱਸਟ ਦੀ ਮੱਦਦ ਨਾਲ ਚਰਚ ਨੂੰ ਵੇਚਣ ਜਾ ਰਿਹਾ ਸੀ। ਫਿਲਹਾਲ ਉਹ ਸਿਰਫ ਜੌਰਡਨ ਮਸੀਹ ਅਤੇ ਬਾਬਾ ਦੱਤ ਦੇ ਨਾਂ ਹੀ ਜਾਣਦੇ ਹਨ। ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।

Scroll to Top