ਚੰਡੀਗੜ੍ਹ, 18 ਮਾਰਚ 2023: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਤੋਸ਼ਾਖਾਨਾ ਮਾਮਲੇ ‘ਚ ਅੱਜ ਇਸਲਾਮਾਬਾਦ ਦੀ ਅਦਾਲਤ ‘ਚ ਪੇਸ਼ ਹੋਣਗੇ। ਜ਼ਮਾਨ ਪਾਰਕ ਤੋਂ ਰਵਾਨਾ ਹੋਇਆ ਇਮਰਾਨ ਦਾ ਕਾਫਲਾ ਕੱਲਰ ਕਹਾਰ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਵਿੱਚ 3 ਵਾਹਨ ਆਪਸ ਵਿੱਚ ਟਕਰਾ ਗਏ। ਕਾਫਲੇ ਦੀ ਟੱਕਰ ਤੋਂ ਬਾਅਦ ਇੱਕ ਕਾਰ ਪਲਟ ਗਈ ਅਤੇ ਇਸ ਘਟਨਾ ਵਿੱਚ 3 ਜਣੇ ਜ਼ਖਮੀ ਦੱਸੇ ਜਾ ਰਹੇ ਹਨ। ਸਾਬਕਾ ਪੀਐਮ ਦੀ ਪੇਸ਼ੀ ਦੇ ਮੱਦੇਨਜ਼ਰ ਪੂਰੇ ਸ਼ਹਿਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।
ਹਾਦਸੇ ਤੋਂ ਬਾਅਦ ਇਮਰਾਨ ਖਾਨ (Imran Khan) ਨੇ ਸ਼ਾਹਬਾਜ਼ ਸਰਕਾਰ ‘ਤੇ ਹਮਲਾ ਬੋਲਿਆ। ਇਮਰਾਨ ਨੇ ਕਿਹਾ ਕਿ ਇਹ ਸਪੱਸ਼ਟ ਹੋ ਗਿਆ ਹੈ ਕਿ ਸਾਰੇ ਮਾਮਲਿਆਂ ਵਿੱਚ ਜ਼ਮਾਨਤ ਮਿਲਣ ਦੇ ਬਾਵਜੂਦ ਪੀਡੀਐਮ ਸਰਕਾਰ ਮੈਨੂੰ ਗ੍ਰਿਫ਼ਤਾਰ ਕਰਨ ਦੀ ਸਾਜ਼ਿਸ਼ ਰਚ ਰਹੀ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਭੈੜੇ ਇਰਾਦਿਆਂ ਨੂੰ ਜਾਣਨ ਦੇ ਬਾਵਜੂਦ ਮੈਂ ਇਸਲਾਮਾਬਾਦ ਅਤੇ ਅਦਾਲਤ ਜਾ ਰਿਹਾ ਹਾਂ ਕਿਉਂਕਿ ਮੈਂ ਕਾਨੂੰਨ ਦੇ ਸ਼ਾਸਨ ਵਿੱਚ ਵਿਸ਼ਵਾਸ ਰੱਖਦਾ ਹਾਂ।
ਇਮਰਾਨ ਖਾਨ ਦੀ ਪੇਸ਼ੀ ਕਾਰਨ ਇਸਲਾਮਾਬਾਦ ‘ਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸਲਾਮਾਬਾਦ ਵਿੱਚ ਹੋਰ ਸ਼ਹਿਰਾਂ ਦੇ 1000 ਸੁਰੱਖਿਆ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਹਨ। ਇਸ ਕਾਰਨ ਕਈ ਸ਼ਹਿਰਾਂ ਵਿੱਚ ਧਾਰਾ-144 ਵੀ ਲਾਗੂ ਕਰ ਦਿੱਤੀ ਗਈ ਹੈ, ਜਦਕਿ ਪੁਲਿਸ ਨੇ ਨਿਆਂਇਕ ਕੰਪਲੈਕਸ ਦੇ ਨੇੜੇ ਆਮ ਲੋਕਾਂ ਦੀ ਨੋ ਐਂਟਰੀ ਵੀ ਕੀਤੀ ਹੈ।