Gurpreet Singh Namdhari

ਉਘੇ ਚਿੱਤਰਕਾਰ ਗੁਰਪ੍ਰੀਤ ਸਿੰਘ ਨਾਮਧਾਰੀ ਦੇ ਬਰੱਸ਼ ਨੇ ਚਿੱਤਰੀ ਚੋਣਾਂ ਦੀ ਨਵੀਂ ਦਾਸਤਾਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਮਈ, 2024: ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਸਵੀਪ ਟੀਮ ਵੱਲੋਂ ਲਗਾਤਾਰ ਕੁਝ ਵੱਖਰਾ ਤੇ ਨਵਾਂ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਜੋ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੱਧ ਤੋਂ ਵੱਧ ਵੋਟ ਪੁਆਈ ਜਾ ਸਕੇ। ਇਸੇ ਲੜੀ ਵਿਚ ਫਿਲਮ ਅਦਾਕਾਰ ਰਾਜ ਧਾਲੀਵਾਲ ਤੇ ਦਰਸ਼ਨ ਔਲਖ ਵੱਲੋਂ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਜਿੱਥੇ ਸਵੀਪ ਪ੍ਰੋਗਰਾਮਾਂ ਵਿਚ ਸ਼ਿਰਕਤ ਕੀਤੀ ਜਾ ਰਹੀ, ਉਥੇ ਇੱਕ ਵੱਖਰੇ ਅੰਦਾਜ਼ ਨਾਲ ਹਰ ਇੱਕ ਨੂੰ ਆਪਣੇ ਕੰਧ ਚਿੱਤਰਾਂ ਨਾਲ ਫੋਟੋਆਂ ਖਿਚਵਾਕੇ ਸ਼ੋਸ਼ਲ ਮੀਡੀਆ ਉਪਰ ਪਾਉਣ ਲਈ ਮਜਬੂਰ ਕਰ ਰਹੇ ਹਨ ਉਘੇ ਚਿੱਤਰਕਾਰ (ਰਾਸ਼ਟਰਪਤੀ ਅਵਾਰਡੀ) ਗੁਰਪ੍ਰੀਤ ਸਿੰਘ ਨਾਮਧਾਰੀ (Gurpreet Singh Namdhari) । ਉਹਨਾਂ ਦੇ ਬਰੱਸ਼ ਦੀ ਛੋਹ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਵਿਹੜਾ ਪੂਰੀ ਤਰ੍ਹਾਂ ਚੋਣਾਂ ਦੇ ਪੁਰਬ ਦੀ ਸਤਰੰਗੀ ਪੀਂਘ ਵਿਚ ਰੰਗਿਆ ਨਜ਼ਰ ਆ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਵਿਸ਼ੇਸ਼ ਤੌਰ ਤੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਦੀ “ਵਿਜੀਲੈਂਟ ਐਪ” “ਸੀ ਵੀਜਲ” ਨੂੰ ਦਰਸਾਉਂਦਾ ਕੰਧ ਚਿੱਤਰ ਕਿ ਸਭ ਫੜੇ ਜਾਣਗੇ, ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਨੂੰ ਖ਼ਬਰਦਾਰ ਕਰਦਾ ਹੈ ਅਤੇ ਕਿਸ ਤਰਾਂ ਦੀਆਂ ਕਾਰਵਾਈਆਂ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਵਿਚ ਆਉੰਦੀਆ ਹਨ, ਨੂੰ ਦਰਸਾਉਂਦਾ ਹੈ। ਸਭ ਤੋਂ ਤੇਜ਼-ਤਰਾਰ ਅਤੇ ਰਾਜ ਪੰਛੀ ਬਾਜ ਦੀ ਤਸਵੀਰ ਪ੍ਰਤੀਕਾਤਮਕ ਤੌਰ ਤੇ ਚੋਣ ਕਮਿਸ਼ਨ ਦੀ ਹਰ ਦਿਸ਼ਾ ਵਿੱਚ ਨਿਗਰਾਨੀ ਦੀ ਪੈਰਵੀ ਕਰ ਰਹੀ ਹੈ।

ਇਸੇ ਤਰ੍ਹਾਂ “ਪੰਜ-ਆਬ ਕਰੂਗਾ 1 ਜੂਨ ਨੂੰ ਵੋਟ” ਦਰਿਆਵਾਂ ਦੇ ਵਾਂਗ ਸ਼ੂਕਦੇ ਪੰਜਾਬੀ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕਰਦਾ ਪ੍ਰਤੀਤ ਹੁੰਦਾ ਹੈ। ਲੋਕਤੰਤਰ ਵਿੱਚ ਔਰਤ ਵੋਟਰਾਂ ਦੀ ਭਾਗੀਦਾਰੀ ਨੂੰ ਦਰਸਾਉਂਦਾ ਕੰਧ ਚਿੱਤਰ ਅਤੇ ਲੋਕਤੰਤਰ ਦੀ ਮਾਤਾ ਦਾ ਸਟੈਚੂ ਇੱਕ ਹੋਰ ਸ਼ਾਹਕਾਰ ਹੈ।

ਗੁਰਪ੍ਰੀਤ ਸਿੰਘ ਨਾਮਧਾਰੀ (Gurpreet Singh Namdhari) ਪੇਸ਼ੇ ਵੱਜੋਂ ਇੱਕ ਸਕੂਲ ਅਧਿਆਪਕ ਹਨ, ਉਹ ਆਪ ਵੀ ਬਿਲਕੁਲ ਸ਼ਾਂਤ, ਚਿੱਟੇ ਪਹਿਰਾਵੇ ਵਿੱਚ ਵਿਚਰਦੇ ਹੋਏ 1 ਜੂਨ ਨੂੰ ਸ਼ਾਂਤੀਪੂਰਵਕ ਅਤੇ ਬਿਨਾਂ ਕਿਸੇ ਲਾਲਚ, ਭੇਦ ਭਾਵ, ਨਸ਼ਿਆਂ ਤੋਂ ਮੁਕਤ ਵੋਟ ਪਾਉਣ ਦਾ ਸੁਨੇਹਾ ਦਿੰਦੇ ਜਾਪਦੇ ਹਨ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਆਏ ਚੋਣ ਆਬਜ਼ਰਵਰਾਂ ਅਤੇ ਦੂਜੇ ਜ਼ਿਲ੍ਹਿਆ ਦੇ ਅਧਿਕਾਰੀਆਂ ਵੱਲੋਂ ਉਹਨਾਂ ਦੇ ਕੰਮ ਦੀ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ।

Scroll to Top