ਹਰਪ੍ਰੀਤ ਸਿੰਘ ਕਾਹਲੋਂ
Sr Executive Editor
The Unmute
ਬੋਲਤੀ ਖਿੜਕੀ ਨਾਲ ਮੇਰਾ ਵਾਹ 550 ਸਾਲਾਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਮੌਕੇ ਪਿਆ ਸੀ।ਕਰਤਾਰਪੁਰ ਕਾਰੀਡੋਰ ਬਾਰੇ ਸਟੋਰੀਆਂ ਕਰਦਿਆਂ ਮੇਰੇ ਮਨ ਵਿੱਚ ਸੀ ਕਿ ਉਹਨਾਂ ਬੰਦਿਆਂ ਦੀਆਂ ਕਹਾਣੀਆਂ ਕਹੀਏ ਜਿੰਨ੍ਹਾਂ ਸਾਂਝੇ ਪੰਜਾਬ ਦੀ ਕਹਾਣੀਆਂ ਕਹੀਆਂ।ਲਾਂਘਾ ਖੁੱਲ੍ਹਣ ਤੱਕ ਇਹ ਉਹੀ ਬੰਦੇ ਸਨ ਜਿੰਨ੍ਹਾਂ ਸਾਂਝੇ ਪੰਜਾਬ ਦੀ ਤੰਦ ਨੂੰ ਸਦਾ ਜੋੜਣ ਦਾ ਤਹੱਈਆ ਕੀਤਾ ਸੀ।ਇਹਨਾਂ ਵਿੱਚੋਂ ਅੰਮ੍ਰਿਤਸਰ ਤੋਂ ਸਾਂਈ ਮੀਆਂ ਮੀਰ ਫਾਉਂਡੇਸ਼ਨ ਦੇ ਹਰਭਜਨ ਸਿੰਘ ਬਰਾੜ ਸਨ।ਉਹਨਾਂ 2000 ਦੇ ਲੱਗਭਗ ਅਜਿਹੇ ਬੰਦਿਆਂ ਨੂੰ ਮਿਲਾਇਆ ਜਿਹੜੇ ਲਹਿੰਦੇ ਚੜ੍ਹਦੇ ਪੰਜਾਬ ਵਿੱਚ ਵੰਡ ਵੇਲੇ ਇੱਕ ਦੂਜੇ ਤੋਂ ਵਿਛੜ ਗਏ ਸਨ।
ਅਜਿਹੇ ਹੀ 3 ਨੌਜਵਾਨ ਸਨ ਜਿੰਨ੍ਹਾਂ ਨੂੰ ਮੈਂ ਮਿਲਿਆ।ਇਹ ਸੰਦੀਪ ਦੱਤ ਲੁਧਿਆਣੇ ਤੋਂ,ਫੈਜ਼ਲ ਹਯਾਤ ਰਾਵਲਪਿੰਡੀ ਤੋਂ ਅਤੇ ਰੀਤਿਕਾ ਕਨੇਡਾ ਤੋਂ ਸੀ।ਬੋਲਤੀ ਖਿੜਕੀ ਦੀ ਕਹਾਣੀ ਬਹੁਤ ਕਮਾਲ ਹੈ।ਅਪ੍ਰੈਲ 2017 ਤੋਂ ਇਹਨਾਂ ਫੇਸਬੁੱਕ ਸਫਾ ਬੋਲਤੀ ਖਿੜਕੀ ਸ਼ੁਰੂ ਕੀਤਾ ਸੀ।ਲਹਿੰਦੇ ਪੰਜਾਬ ਵਿੱਚ ਰਹਿੰਦੇ ਬੰਦਿਆਂ ਦੇ ਪਿੱਛੇ ਛੁੱਟ ਗਏ ਪਿੰਡਾਂ ਤੋਂ ਸੰਦੀਪ ਇੱਧਰੋਂ ਕਹਾਣੀ ਕਹਿੰਦਾ ਸੀ ਅਤੇ ਚੜ੍ਹਦੇ ਪੰਜਾਬ ਵਿੱਚ ਆਏ ਲਹਿੰਦੇ ਪੰਜਾਬ ਤੋਂ ਬੰਦਿਆਂ ਦੀਆਂ ਪਿੱਛੇ ਛੁੱਟ ਗਈ ਯਾਦਾਂ ਦੀ ਕਤਰਾਂ ਨੂੰ ਰਾਵਲਪਿੰਡੀ ਤੋਂ ਫੈਜ਼ਲ ਹਯਾਤ ਰਿਪੋਰਟ ਕਰਦਾ ਸੀ।ਇਹਨਾਂ ਦੀ ਤੀਜੀ ਦੋਸਤ ਰੀਤਿਕਾ ਇਸ ਕੰਮ ਦਾ ਦਸਤਾਵੇਜ਼ ਨਾਲੋਂ ਨਾਲ ਤਿਆਰ ਕਰਦੀ ਗਈ।
ਬੀਨਾ ਸਰਵਰ ਦੇ ਸਫੇ ਅਮਨ ਕੀ ਆਸ਼ਾ ਤੋਂ ਤਿੰਨਾਂ ਦੋਸਤਾਂ ਦੀ ਦੋਸਤੀ ਨੇ ਉਸ ਉਮੀਦ ਨੂੰ ਜਿਊਂਦਾ ਰੱਖਿਆ ਜਿੰਨ੍ਹਾਂ ਬੰਦਿਆਂ ਨੂੰ ਆਪਣੀ ਜਨਮ ਭੋਂਇ ਤੋਂ 2 ਨੇਸ਼ਨ ਥਿਊਰੀ ਕਰਕੇ ਜਬਰਨ ਉਜੜਣਾ ਪਿਆ।ਉਹਨਾਂ ਦੇ ਮਨ ‘ਚ ਵਿਛੜੀ ਧਰਤੀ ਕਦੀ ਨਹੀਂ ਵਿਸਰੀ।ਇਹ ਵੰਡ ਪੰਜਾਬ ਲਈ ਸਰਾਪ ਹੈ।
ਇਹਨਾਂ ਨੌਜਵਾਨਾਂ ਦੇ ਇਸੇ ਉੱਧਮ ਨੂੰ ਆਕਫੋਰਡ ਪ੍ਰੈਸ ਨੇ ਛਾਪਿਆ ਹੈ।200 ਵੰਡ ਦੇ ਉਜਾੜੇ ਪੀੜ੍ਹਤ,100 ਦੇ ਲੱਗਭਗ ਮੁਲਾਕਾਤਾਂ,47 ਕਹਾਣੀਆਂ,52 ਸ਼ਹਿਰ ਅਤੇ 5 ਦੇਸ਼ਾਂ ‘ਚ ਫੈਲ ਗਏ ਇਹਨਾਂ ਉਜਾੜਿਆਂ ਦੇ ਪਾਤਰਾਂ ਨੂੰ ਇੱਕ ਕਿਤਾਬ ਦੇ ਰੂਪ ਵਿੱਚ ਸਾਡੇ ਸਾਹਮਣੇ ਪੇਸ਼ ਕੀਤਾ ਹੈ।
ਉਹ ਬੰਦੇ ਕਿਹੋ ਜਿਹੇ ਹੋਣਗੇ ਜਿਨ੍ਹਾਂ ਨੇ ਬਰਲਿਨ ਦੇ ਵਿੱਚ ਕੰਧ ਉਸਰਨ ਤੋਂ ਬਾਅਦ ਇਹ ਸੁਫ਼ਨਾ ਵੇਖਿਆ ਕਿ ਇਹ ਕੰਧ ਨਹੀਂ ਰਹਿਣ ਦੇਣੀ। ਉਹ ਬੰਦੇ ਯਕੀਨਨ ਮੁਹੱਬਤਾਂ ਦੀ ਉਮੀਦ ਵੰਡਦੇ ਹੋਏ ਆਖਰੀ ਸਾਹ ਤੱਕ ਕੰਮ ਕਰਦੇ ਰਹੇ ਹੋਣਗੇ ਜਿਨ੍ਹਾਂ ਨੂੰ ਉਮੀਦ ਹੈ ਕਿ ਸਾਂਝੇ ਪੰਜਾਬ ਦੀ ਧਰਤੀ ਬਾਬਾ ਫਰੀਦ ਤੋਂ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਵਾਰਿਸ ਬੁੱਲੇ ਸੁਲਤਾਨ ਬਾਹੂ ਦੀ ਸਾਂਝੀ ਧਰਤੀ ਹੈ ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਂਦਿਆਂ ਇੱਕ ਸੁਫ਼ਨੇ ਨੂੰ ਹਕੀਕੀ ਜਾਮਾ ਪਹਿਨਾਉਣਾ ਕਿੰਨਾ ਚੰਗਾ ਹੁੰਦਾ ਜੇ ਅਸੀਂ ਬਾਬਾ ਫਰੀਦ ਤੋਂ ਲੈ ਕੇ ਸ੍ਰੀ ਨਨਕਾਣਾ ਸਾਹਿਬ ਤੋਂ ਹੁੰਦਿਆਂ ਵਾਇਆ ਸੁਲਤਾਨਪੁਰ ਲੋਧੀ ਕਰਤਾਰਪੁਰ ਸਾਹਿਬ ਦੇ ਤਮਾਮ ਸਫਿਆਂ ਨੂੰ ਯਾਦ ਕਰਦੇ ।
ਸਾਡੀਆਂ ਅਰਦਾਸਾਂ ਵਿੱਚ ਸ਼ਾਮਲ ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਮਹਿਜ਼ ਗੁਰਧਾਮਾਂ ਦੀ ਯਾਤਰਾ ਦਾ ਸੁਫਨਾ ਨਹੀਂ ਇਹ ਉਮੀਦ ਹੈ ਕਿ ਹੱਦਾਂ ਸਰਹੱਦਾਂ ਤੋਂ ਪਾਰ ਅਸੀਂ ਇੱਕ ਦਿਨ ਅਜਿਹੀ ਦੁਨੀਆਂ ਨੂੰ ਵਸਾ ਸਕੀਏ ਜਿੱਥੇ ਮਾਵਾਂ ਦੇ ਪੁੱਤ ਨਾ ਮਰਨ, ਭੈਣਾਂ ਦੇ ਭਰਾ ਨਾ ਵਿਛੜਣ ਅਤੇ ਦੋਸਤੀਆਂ ਆਬਾਦ ਰਹਿਣ ।
ਅਜਿਹੇ ਬੰਦੇ ਚਾਹੇ ਉਹ ਕੁਲਦੀਪ ਸਿੰਘ ਵਡਾਲਾ ਹੋਣ, ਭਵੀਸ਼ਨ ਸਿੰਘ ਗੁਰਾਇਆ ਹੋਣ, ਹਰਭਜਨ ਸਿੰਘ ਬਰਾੜ ਹੋਣ ,ਸੰਦੀਪ ਦੱਤ ਹੋਵੇ, ਫੈਜ਼ਲ ਹਯਾਤ ਹੋਵੇ, ਰਿਤਿਕਾ ਸ਼ਰਮਾ ਹੋਵੇ ਜਾਂ ਬਾਬਰ ਜਲੰਧਰੀ, ਨਾਸਿਰ ਢਿੱਲੋਂ, ਲਵਲੀ ਸਿੰਘ ਹੋਵੇ ਇਨ੍ਹਾਂ ਬੰਦਿਆਂ ਨੂੰ ਲੱਭ ਲੱਭ ਕੇ ਉਨ੍ਹਾਂ ਬਾਰੇ ਜਾਣੋ।
ਕੁਲਵੰਤ ਸਿੰਘ ਗਰੇਵਾਲ ਕਹਿੰਦੇ ਨੇ ਕਿ
ਹੱਦਾਂ ਟੁੱਟੀਆਂ ਦੀ ਸਾਂਝ ਹੋਵੇ
ਪਹਿਲਾਂ ਬੰਦਾ ਮਰਦਾ ਏ
ਪਿੱਛੋਂ ਧਰਤੀ ਬਾਂਝ ਹੋਵੇ
ਉਹ ਇਹ ਵੀ ਕਹਿੰਦੇ ਨੇ ਕਿ
ਸਾਨੂੰ ਈਦਾਂ ਬਾਹਰ ਆਈਆਂ
ਰਾਵੀ ਤੇਰੇ ਪੱਤਣਾਂ ਤੇ
ਐਵੇਂ ਅੱਖੀਆਂ ਭਰ ਆਈਆਂ
ਪੰਜਾਬ ਤੇ ਪੰਜਾਬੀਆਂ ਦਾ ਇਹ ਜਜ਼ਬਾ ਹੈ ਜੋ ਪੰਜਾਬੀਅਤ ਦਾ ਸਿਰਨਾਵਾਂ ਹੈ ਇਸੀ ਸਿਰਨਾਵੇਂ ਦੇ ਵਿੱਚ ਉਮੀਦ ਭਰੇ ਬੰਦਿਆਂ ਦੀਆਂ ਗੱਲਾਂ ਸੁਣਨੀਆਂ ਜ਼ਰੂਰੀ ਹਨ।