ਚੰਡੀਗੜ੍ਹ, 14 ਨਵੰਬਰ 2023: ਪੰਜਾਬ ਦੇ ਨਵਾਂਸ਼ਹਿਰ-ਰੋਪੜ ਨੈਸ਼ਨਲ ਹਾਈਵੇ ‘ਤੇ ਪੈਂਦੇ ਪਿੰਡ ਰੇਲਮਾਜਰਾ ਦਾ ਇੱਕ ਵਿਦਿਆਰਥੀ ਪਿਛਲੇ 8 ਦਿਨਾਂ ਤੋਂ ਲਾਪਤਾ ਸੀ, ਜਿਸ ਦੀ ਲਾਸ਼ ਸਰਹਿੰਦ ਨਹਿਰ (Sirhind Canal) ‘ਚੋਂ ਸ਼ੱਕੀ ਹਲਾਤਾਂ ‘ਚ ਬਰਾਮਦ ਹੋਈ ਹੈ। ਨੌਜਵਾਨ ਖਰੜ ਕੈਂਪਸ ਦੇ ਰਿਆਤ ਬਾਹਰਾ ਕਾਲਜ ਵਿੱਚ ਬੀ-ਫਾਰਮੇਸੀ ਦਾ ਵਿਦਿਆਰਥੀ ਸੀ। ਪਰਿਵਾਰਕ ਮੈਂਬਰਾਂ ਵੱਲੋਂ ਕਾਠਗੜ੍ਹ ਥਾਣੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ।
ਨੌਜਵਾਨ ਦੇ ਨਜ਼ਦੀਕੀ ਰਜਿੰਦਰ ਕੁਮਾਰ ਅਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਬੁਲਾਰੇ ਸੁਰਿੰਦਰ ਛਿੰਦਾ ਨੇ ਦੱਸਿਆ ਕਿ ਸੰਦੀਪ ਕੁਮਾਰ ਉਮੇਸ਼ ਕੁਮਾਰ ਵਾਸੀ ਰੇਲ ਮਾਜਰਾ ਦਾ ਲੜਕਾ ਸੀ। ਉਹ ਘਰ ਤੋਂ ਚੰਡੀਗੜ੍ਹ ਗਿਆ ਸੀ ਅਤੇ ਰੋਪੜ ਦੇ ਬੱਸ ਸਟੈਂਡ ‘ਤੇ ਮੋਟਰਸਾਈਕਲ ਖੜ੍ਹਾ ਕੀਤਾ ਸੀ। ਜਦੋਂ ਉਹ 5 ਨਵੰਬਰ ਦੀ ਸ਼ਾਮ ਤੱਕ ਘਰ ਨਹੀਂ ਪਰਤਿਆ ਤਾਂ ਉਸ ਦੇ ਪਰਿਵਾਰ ਵਾਲੇ ਚਿੰਤਾ ਵਿੱਚ ਪੈ ਗਏ। ਉਸ ਦੀ ਭਾਲ ਸ਼ੁਰੂ ਕੀਤੀ ਤਾਂ ਪਰਿਵਾਰ ਵਾਲਿਆਂ ਨੇ ਸੋਚਿਆ ਕਿ ਸ਼ਾਇਦ ਉਹ ਆਪਣੇ ਦੋਸਤਾਂ ਨਾਲ ਕਿਤੇ ਰੁਕਿਆ ਹੋਵੇਗਾ।
ਇਸ ਦੌਰਾਨ ਸੰਦੀਪ ਦੀ ਲਾਸ਼ ਪਿੰਡ ਸਿੰਧਵਾ ਥਾਣਾ ਸਰਹਿੰਦ ਤੋਂ ਸ਼ੱਕੀ ਹਲਾਤਾਂ ‘ਚ ਸਰਹਿੰਦ ਨਹਿਰ (Sirhind Canal) ‘ਚੋਂ ਬਰਾਮਦ ਹੋਈ ਹੈ। ਲਾਸ਼ ਮਿਲਣ ਤੋਂ ਬਾਅਦ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਨੌਜਵਾਨ ਦੀ ਮੌਤ ਭੇਤ ਬਣੀ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।




