ਅੰਮ੍ਰਿਤਸਰ, 24 ਜਨਵਰੀ 2024: ਅੰਮ੍ਰਿਤਸਰ (Amritsar) ਵਿੱਚ 19 ਜਨਵਰੀ ਤੋਂ ਲਾਪਤਾ ਹੋਏ ਨੌਜਵਾਨ ਦੀ ਹੁਣ ਸ਼ੱਕੀ ਹਾਲਤ ‘ਚ ਲਾਸ਼ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਉਸ ਨੌਜਵਾਨ ਦਾ ਪੋਸਟਮਾਰਟਮ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਹੈ |
ਇਸ ਸੰਬੰਧ ਵਿੱਚ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੇ ਮੁੰਡੇ ਦਾ ਨਾਂ ਸ਼ਰਨਪ੍ਰੀਤ ਸਿੰਘ ਹੈ ਅਤੇ ਉਹ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਕੰਮ ਕਰਦਾ ਹੈ | ਉਨ੍ਹਾਂ ਦੱਸਿਆ ਕਿ 19 ਜਨਵਰੀ ਤੋਂ ਉਹ ਘਰ ਤੋਂ ਲਾਪਤਾ ਸੀ ਅਤੇ ਉਹਨਾਂ ਨੂੰ ਰਿਸ਼ਤੇਦਾਰੀ ‘ਚੋਂ ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਉਹਨਾਂ ਦੇ ਮੁੰਡੇ ਦੀ ਮੌਤ ਹੋ ਗਈ ਹੈ |
ਮ੍ਰਿਤਕ ਦੀ ਲਾਸ਼ ਥਾਣਾ ਮੋਕਮਪੁਰਾ ਪੁਲਿਸ (Amritsar) ਦੀ ਕਬਜ਼ੇ ‘ਚ ਹੈ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਮੋਹਕਮਪੁਰਾ ਪੁਲਿਸ ਨਾਲ ਸੰਪਰਕ ਵੀ ਕੀਤਾ ਗਿਆ ਅਤੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਤੇ ਮੁੰਡੇ ਦੀ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਸੀ ਜਿਸ ਤੇ ਤਹਿਤ ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਦੇ ਮੁੰਡੇ ਦਾ ਕਤਲ ਹੋਇਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਧਾਰਾ 174 ਦੇ ਅਧੀਨ ਹੀ ਕਾਰਵਾਈ ਕਰ ਰਹੀ ਹੈ ਅਤੇ ਅਸੀਂ ਪੁਲਿਸ ਤੋਂ ਮੰਗ ਕਰਦੇ ਹਾਂ ਕਿ ਇਸ ਮਾਮਲੇ ‘ਚ ਧਾਰਾ 302 ਦੇ ਅਧੀਨ ਮਾਮਲਾ ਦਰਜ ਕਰਕੇ ਜਿਨਾਂ ਨੌਜਵਾਨਾਂ ਦੇ ਨਾਲ ਉਹਨਾਂ ਦੇ ਮੁੰਡੇ ਦੀ ਰੰਜਿਸ਼ ਸੀ ਉਹਨਾਂ ‘ਤੇ ਮਾਮਲਾ ਦਰਜ ਕੀਤਾ ਜਾਵੇ।
ਦੂਜੇ ਪਾਸੇ ਥਾਣਾ ਮੋਹਕਮਪੁਰਾ ਦੇ ਪੁਲਿਸ ਅਧਿਕਾਰੀ ਨਵਤੇਜ ਸਿੰਘ ਨੇ ਦੱਸਿਆ ਕਿ 20 ਤਾਰੀਖ਼ ਨੂੰ ਪੁਲਿਸ ਨੂੰ ਲਾਵਾਰਸ ਹਾਲਤ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਧਾਰਾ ਅਧੀਨ ਕਾਰਵਾਈ ਕਰਦੇ ਹੋਏ ਲਾਸ਼ ਨੂੰ 24 ਘੰਟੇ ਲਈ ਸ਼ਨਾਖਤ ਦੇ ਲਈ ਵੀ ਰੱਖਿਆ ਸੀ। ਹੁਣ ਉਸਦੇ ਪਰਿਵਾਰਕ ਮੈਂਬਰ ਆਏ ਹਨ ਅਤੇ ਉਹ ਨੌਜਵਾਨ ਦੇ ਕਤਲ ਹੋਣ ਦਾ ਦੋਸ਼ ਲਗਾ ਰਹੇ ਹਨ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।