ਚੰਡੀਗੜ੍ਹ,14 ਫਰਵਰੀ 2023: ਪੰਜਾਬ ਦੇ ਲੁਧਿਆਣਾ (Ludhiana) ਵਿੱਚ ਇੱਕ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਮਿਲੀ ਹੈ। ਨੌਜਵਾਨ ਦੇ ਰਿਸ਼ਤੇਦਾਰਾਂ ਨੂੰ ਸ਼ੱਕ ਹੈ ਕਿ ਉਸ ਦਾ ਕਤਲ ਕੀਤਾ ਗਿਆ ਹੈ। ਉਹ ਪਿਛਲੇ ਇੱਕ ਸਾਲ ਤੋਂ ਫੈਕਟਰੀ ਵਿੱਚ ਰਹਿ ਰਿਹਾ ਸੀ। ਦੇਰ ਰਾਤ ਉਹ ਕਰੀਬ 8 ਵਜੇ ਫੈਕਟਰੀ ਤੋਂ ਨਿਕਲਿਆ ਅਤੇ ਬਾਹਰੋਂ ਖਾਣਾ ਖਾ ਕੇ ਰਾਤ 9.30 ਵਜੇ ਵਾਪਸ ਆਇਆ।
ਜਦੋਂ ਸਵੇਰੇ ਫੈਕਟਰੀ ਮਾਲਕ ਆਇਆ ਤਾਂ ਦੇਖਿਆ ਕਿ ਨੌਜਵਾਨ ਦੀ ਲਾਸ਼ ਫਾਹੇ ਨਾਲ ਲਟਕ ਰਹੀ ਸੀ। ਫੈਕਟਰੀ ਮਾਲਕ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਸਲੇਮ ਟਾਬਰੀ ਦੀ ਪੁਲਿਸ ਮੌਕੇ ’ਤੇ ਪੁੱਜੀ,ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰਖਵਾਇਆ ਹੈ। ਮ੍ਰਿਤਕ ਨੌਜਵਾਨ ਦਾ ਨਾਮ ਅਮਰਪਾਲ ਹੈ। ਅਮਰਪਾਲ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਅਲੀਪੁਰ ਪਿੰਡ ਦਾ ਰਹਿਣ ਵਾਲਾ ਹੈ।
ਫੈਕਟਰੀ ਮਾਲਕ ਸਤਿੰਦਰ ਨੇ ਦੱਸਿਆ ਕਿ ਅਮਰਪਾਲ ਕਰੀਬ 7 ਸਾਲਾਂ ਤੋਂ ਉਸ ਨਾਲ ਕੰਮ ਕਰ ਰਿਹਾ ਸੀ। ਪਿਛਲੇ ਇੱਕ ਸਾਲ ਤੋਂ ਉਹ ਆਪਣੀ ਹੀ ਫੈਕਟਰੀ ਵਿੱਚ ਰਹਿੰਦਾ ਸੀ। ਅਜਿਹਾ ਕਦੇ ਵੀ ਮਹਿਸੂਸ ਨਹੀਂ ਹੋਇਆ ਕਿ ਉਹ ਕਿਸੇ ਕਿਸਮ ਦੀ ਪਰੇਸ਼ਾਨੀ ਵਿੱਚ ਹੋਵੇ, ਪਰ ਇਹ ਜਾਂਚ ਦਾ ਵਿਸ਼ਾ ਹੈ ਕਿ ਉਸਦੀ ਮੌਤ ਕਿਵੇਂ ਹੋਈ। ਦੱਸਿਆ ਜਾ ਰਿਹਾ ਹੈ ਕਿ ਅਮਰਪਾਲ ਦਾ ਮੋਬਾਈਲ ਅਤੇ ਪੈਸੇ ਵੀ ਨਹੀਂ ਮਿਲੇ ਹਨ। ਫ਼ਿਲਹਾਲ, ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ |