Site icon TheUnmute.com

ਸ਼੍ਰੋਮਣੀ ਅਕਾਲੀ ਦਲ ਨੇ ਔਰਤਾਂ ਲਈ ਕੀਤੇ ਵੱਡੇ ਐਲਾਨ , ਪੜੋ ਕਿ ਹਨ ਇਹ ਐਲਾਨ

ਸ਼੍ਰੋਮਣੀ ਅਕਾਲੀ ਦਲ

ਚੰਡੀਗੜ੍ਹ ,9 ਅਗਸਤ 2021 : ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਹੀ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਜਨਤਾ ਲਈ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਔਰਤਾਂ ਲਈ ਅਹਿਮ ਐਲਾਨ ਕੀਤੇ ਗਏ ਹਨ। ਅਕਾਲੀ ਦਲ ਦਾ ਕਹਿਣਾ ਹੈ ਕਿ ਪਾਰਟੀ ਹਮੇਸ਼ਾ ਔਰਤਾਂ ਦੇ ਮਾਣ-ਸਨਮਾਨ ‘ਚ ਯਕੀਨ ਰੱਖਦੀ ਹੈ ਅਤੇ ਪਾਰਟੀ ਦੇ ਪਿਛਲੇ ਕਾਰਜਕਾਲ ਦੌਰਾਨ ਔਰਤਾਂ ਨੂੰ ਸਿੱਖਿਆ ਅਤੇ ਰੁਜ਼ਗਾਰ ਦੇ ਮੌਕਿਆਂ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕੇ ਗਏ ਸਨ ਅਤੇ ਇਸ ਸਭ ਦੇ ਕਾਰਨ ਸੂਬੇ ‘ਚ ਔਰਤਾਂ ਦਾ ਸਰਵਪੱਖੀ ਵਿਕਾਸ ਹੋਇਆ ਹੈ।

ਅਕਾਲੀ ਦਲ ਦਾ ਕਹਿਣਾ ਹੈ ਕਿ ਪਾਰਟੀ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ 1 ਲੱਖ ਲਾਭਪਾਤਰੀ ਔਰਤਾਂ ਨੂੰ ਜਣੇਪੇ ਦੇ ਸਮੇਂ 2000 ਰੁਪਏ ਦੀ ਵਿੱਤੀ ਮਦਦ ਮੁਹੱਈਆ ਕਰਵਾਈ ਸੀ। ਇਸ ਦੇ ਨਾਲ ਹੀ ਪਾਰਟੀ ਵੱਲੋਂ 9ਵੀਂ ਅਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਮੁਫ਼ਤ ਸਾਈਕਲ ਦਿੱਤੇ ਗਏ ਸਨ। ਅਕਾਲੀ ਦਲ ਨੇ ਕਿਹਾ ਕਿ ਕੁੜੀਆਂ ਦੇ ਵਿਆਹ ਲਈ 21,000 ਰੁਪਏ ਸ਼ਗਨ ਸਕੀਮ ਦਿੱਤੀ ਗਈ ਸੀ। ਇਸੇ ਤਰ੍ਹਾਂ ਹੀ ਪਾਰਟੀ ਵੱਲੋਂ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਰਕਾਰ ਬਣਨ ‘ਤੇ ਔਰਤਾਂ ਲਈ ਅਹਿਮ ਐਲਾਨ ਕੀਤੇ ਗਏ ਹਨ।

‘ਮਾਤਾ ਖੀਵੀ ਜੀ ਰਸੋਈ ਸਕੀਮ’ ਤਹਿਤ ਨੀਲੇ ਕਾਰਡ ਧਾਰਕ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਹਰ ਮਹੀਨੇ 2 ਹਜ਼ਾਰ ਅਤੇ ਸਾਲ ‘ਚ 24 ਹਜ਼ਾਰ ਰੁਪਏ ਦਿੱਤੇ ਜਾਣਗੇ। ਇਸ ਸਕੀਮ ਦਾ ਲਾਭ 39 ਲੱਖ ਔਰਤਾਂ ਨੂੰ ਮਿਲੇਗਾ, ਜੋ ਉਨ੍ਹਾਂ ਨੂੰ ਆਰਥਿਕ ਤੇ ਸਮਾਜਿਕ ਤੌਰ ‘ਤੇ ਮਜ਼ਬੂਤੀ ਪ੍ਰਦਾਨ ਕਰੇਗਾ। ਪੰਜਾਬ ‘ਚ ਸਰਕਾਰੀ ਨੌਕਰੀਆਂ ‘ਚ ਔਰਤਾਂ ਨੂੰ 50 ਫ਼ੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ। ਇਸ ਸਕੀਮ ਨਾਲ ਸਮਾਜ ‘ਚ ਔਰਤਾਂ ਦੀ ਪ੍ਰਤੀਨਿਧਤਾ ਵਧੇਗੀ ਅਤੇ ਸਮਾਜ ‘ਚ ਉਨ੍ਹਾਂ ਨੂੰ ਬਣਦਾ ਸਨਮਾਨ ਮਿਲੇਗਾ।

ਪਾਰਟੀ ਦਾ ਕਹਿਣਾ ਹੈ ਕਿ ਤਾਮਿਲਨਾਡੂ ਸਰਕਾਰ ਪਹਿਲਾਂ ਹੀ ਸਰਕਾਰੀ ਦਫ਼ਤਰਾਂ ‘ਚ ਔਰਤਾਂ ਨੂੰ 30 ਫ਼ੀਸਦੀ ਰਾਖਵਾਂਕਰਨ ਦੇ ਰਿਹਾ ਹੈ। ਉਸੇ ਮਾਡਲ ਦਾ ਅਧਿਐਨ ਕੀਤਾ ਜਾਵੇਗਾ ਅਤੇ ਪੰਜਾਬ ਦੀਆਂ ਲੋੜਾਂ ਦੇ ਅਨੁਕੂਲ ਤਬਦੀਲੀਆਂ ਕੀਤੀਆਂ ਜਾਣਗੀਆਂ। ਅਕਾਲੀ ਦਲ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਸੂਬੇ ਅੰਦਰ ਔਰਤਾਂ ਨੂੰ ਸੁਰੱਖਿਅਤ ਰੱਖਣ ‘ਚ ਅਸਫਲ ਰਹੀ ਹੈ। ਅਕਾਲੀ ਦਲ ਮੁਤਾਬਕ ਜਿੱਥੇ ਸਾਲ 2017 ‘ਚ ਸੂਬੇ ਅੰਦਰ 530 ਜਬਰ-ਜ਼ਿਨਾਹ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ, ਉੱਥੇ ਹੀ ਸਾਲ 2019 ਤੱਕ ਇਹ ਘਟਨਾਵਾਂ ਵੱਧ ਕੇ 1002 ਦੀ ਗਿਣਤੀ ‘ਤੇ ਪਹੁੰਚ ਗਈਆਂ, ਜੋ ਕਿ ਬੇਹੱਦ ਚਿੰਤਾਜਨਕ ਹੈ।

Exit mobile version