ਚੰਡੀਗੜ੍ਹ, 26 ਅਕਤੂਬਰ 2024: ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿਜ ਨੇ ਟਰਾਂਸਪੋਰਟ ਵਿਭਾਗ ਦਾ ਕਾਰਜਭਾਰ ਸੰਭਾਲਦੇ ਹੀ ਅੰਬਾਲਾ ਛਾਉਣੀ ਬੱਸ ਸਟੈਂਡ (Ambala Cantonment Bus Stand) ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਅੰਬਾਲਾ ਛਾਉਣੀ ਬੱਸ ਸਟੈਂਡ ਦੀ ਵਿਸ਼ੇਸ਼ ਮੁਰੰਮਤ ਲਈ ਹਰਿਆਣਾ ਸਰਕਾਰ ਨੇ 92.37 ਲੱਖ ਰੁਪਏ ਦੀ ਪ੍ਰਸ਼ਾਸਕੀ ਮਨਜ਼ੂਰੀ ਦਿੱਤੀ ਹੈ।
ਇਸ ਸਬੰਧੀ ਟਰਾਂਸਪੋਰਟ ਮੰਤਰੀ ਅਨਿਲ ਵਿੱਜ ਨੇ ਦੱਸਿਆ ਕਿ ਸਰਕਾਰ ਵੱਲੋਂ 92.37 ਲੱਖ ਰੁਪਏ ਦੀ ਪ੍ਰਸ਼ਾਸਕੀ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਅੰਬਾਲਾ ਛਾਉਣੀ ਦੇ ਬੱਸ ਸਟੈਂਡ ਦੀ ਮੁਰੰਮਤ ਦਾ ਕੰਮ ਛੇਤੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਬੱਸ ਸਟੈਂਡ (Ambala Cantonment Bus Stand) ਨੂੰ ਪਹਿਲਾਂ ਨਾਲੋਂ ਬਿਹਤਰ ਬਣਾਇਆ ਜਾਵੇਗਾ ਤਾਂ ਜੋ ਇੱਥੇ ਆਉਣ ਵਾਲੇ ਯਾਤਰੀਆਂ ਨੂੰ ਵਧੀਆ ਸਹੂਲਤਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਅੰਬਾਲਾ ਛਾਉਣੀ ਬੱਸ ਸਟੈਂਡ ਜੀ.ਟੀ.ਰੋਡ ‘ਤੇ ਸਭ ਤੋਂ ਮਹੱਤਵਪੂਰਨ ਬੱਸ ਅੱਡਾ ਹੈ ਅਤੇ ਹਰ ਰੋਜ਼ ਹਜ਼ਾਰਾਂ ਯਾਤਰੀ ਇੱਥੋਂ ਵੱਖ-ਵੱਖ ਸੂਬਿਆਂ ਨੂੰ ਜਾਣ ਲਈ ਬੱਸਾਂ ‘ਚ ਸਵਾਰ ਹੁੰਦੇ ਹਨ।
ਹਾਲ ਹੀ ‘ਚ ਟਰਾਂਸਪੋਰਟ ਮੰਤਰਾਲੇ ਦਾ ਚਾਰਜ ਸੰਭਾਲਣ ਦੇ ਕੁਝ ਘੰਟਿਆਂ ਬਾਅਦ ਹੀ ਟਰਾਂਸਪੋਰਟ ਮੰਤਰੀ ਅਨਿਲ ਵਿਜ ਨੇ ਅੰਬਾਲਾ ਛਾਉਣੀ ਦੇ ਬੱਸ ਸਟੈਂਡ ‘ਤੇ ਪ੍ਰਬੰਧਾਂ ਦੀ ਜਾਣਕਾਰੀ ਲਈ ਅਚਨਚੇਤ ਨਿਰੀਖਣ ਕੀਤਾ ਸੀ। ਛਾਣਬੀਣ ਦੌਰਾਨ ਉਨ੍ਹਾਂ ਨੇ ਕਈ ਖਾਮੀਆਂ ਪਾਈਆਂ ਅਤੇ ਬੱਸ ਸਟੈਂਡ ਇੰਚਾਰਜ (ਐਸ.ਐਸ.) ਨੂੰ ਮੌਕੇ ‘ਤੇ ਹੀ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਸਨ |
ਹਾਲਾਂਕਿ ਟਰਾਂਸਪੋਰਟ ਮੰਤਰੀ ਅਨਿਲ ਵਿਜ ਦੇ ਨਿਰੀਖਣ ਦੇ 24 ਘੰਟਿਆਂ ਦੇ ਅੰਦਰ ਟਰਾਂਸਪੋਰਟ ਵਿਭਾਗ ਨੇ ਦਰਸਾਏ ਗਏ ਵੱਖ-ਵੱਖ ਊਣਤਾਈਆਂ ਨੂੰ ਦੂਰ ਕਰ ਦਿੱਤਾ ਸੀ ਤਾਂ ਜੋ ਯਾਤਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ।
ਅਨਿਲ ਵਿਜ ਨੇ ਅੰਬਾਲਾ ਛਾਉਣੀ ਦੇ ਬੱਸ ਸਟੈਂਡ ਤੋਂ ਦਿੱਲੀ ਤੱਕ ਬੱਸ ਰਾਹੀਂ ਸਫਰ ਕੀਤਾ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਯਾਤਰੀਆਂ ਨਾਲ ਗੱਲਬਾਤ ਕੀਤੀ ਅਤੇ ਸਮੱਸਿਆਵਾਂ ਵੀ ਜਾਣੀਆਂ। ਇਸ ਦੌਰਾਨ ਵਿਜ ਨੇ ਰਸਤੇ ‘ਚ ਕਰਨਾਲ ਅਤੇ ਪਾਣੀਪਤ ਦੇ ਬੱਸ ਸਟੈਂਡ ਦਾ ਵੀ ਨਿਰੀਖਣ ਕੀਤਾ।
ਜ਼ਿਕਰਯੋਗ ਹੈ ਕਿ ਟਰਾਂਸਪੋਰਟ ਮੰਤਰੀ ਅਨਿਲ ਵਿਜ ਦੇ ਯਤਨਾਂ ਸਦਕਾ ਅੰਬਾਲਾ ਛਾਉਣੀ ਬੱਸ ਸਟੈਂਡ ਨੂੰ ਸਾਲ 1999 ‘ਚ ਨਵੀਂ ਦਿੱਖ ਦਿੱਤੀ ਗਈ ਸੀ। ਪਹਿਲਾਂ ਇੱਥੇ ਇੱਕ ਛੋਟਾ ਬੱਸ ਅੱਡਾ ਸੀ ਪਰ ਹੁਣ ਨਵਾਂ ਬੱਸ ਅੱਡਾ ਬਣਾਇਆ ਗਿਆ, ਜੋ ਕਿ ਜੀ.ਟੀ ਰੋਡ ’ਤੇ ਸਭ ਤੋਂ ਵੱਡਾ ਬੱਸ ਅੱਡਾ ਸੀ।