July 2, 2024 10:01 pm
Haryana

ਹਰਿਆਣਾ ‘ਚ ਭਾਜਪਾ ਤੇ ਜੇਜੇਪੀ ਦਾ ਗਠਜੋੜ ਟੁੱਟਿਆ ! CM ਮਨੋਹਰ ਲਾਲ ਦੇ ਸਕਦੇ ਹਨ ਅਸਤੀਫਾ

ਚੰਡੀਗੜ੍ਹ, 12 ਚੰਡੀਗੜ੍ਹ 2024: ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ (Haryana) ਵਿੱਚ ਭਾਜਪਾ ਅਤੇ ਜਨਨਾਇਕ ਜਨਤਾ ਪਾਰਟੀ ਯਾਨੀ (ਜੇਜੇਪੀ) ਦਾ ਗਠਜੋੜ ਟੁੱਟ ਗਿਆ ਹੈ। ਇਸ ਦਾ ਰਸਮੀ ਐਲਾਨ ਹੋਣਾ ਬਾਕੀ ਹੈ। ਇਸ ਦਾ ਕਾਰਨ ਲੋਕ ਸਭਾ ਸੀਟਾਂ ਦੀ ਵੰਡ ਨੂੰ ਲੈ ਕੇ ਸਹਿਮਤੀ ਨਾ ਬਣਨਾ ਮੰਨਿਆ ਜਾ ਰਿਹਾ ਹੈ। ਮੁੱਖ ਮੰਤਰੀ ਮਨੋਹਰ ਲਾਲ ਕਿਸੇ ਵੇਲੇ ਵੀ ਆਪਣਾ ਅਸਤੀਫਾ ਦੇ ਸਕਦੇ ਹਨ ਅਤੇ ਸਮੂਹ ਮੰਤਰੀ ਮੰਡਲ ਵੀ ਅਸਤੀਫਾ ਦੇ ਸਕਦਾ ਹੈ | ਮਿਲੀ ਜਾਣਕਾਰੀ ਮੁਤਾਬਕ ਜੇਜੇਪੀ ਹਰਿਆਣਾ ਵਿਚ 1 ਤੋਂ 2 ਲੋਕ ਸਭਾ ਸੀਟਾਂ ਦੀ ਮੰਗ ਕਰ ਰਹੀ ਸੀ ਜਦੋਂਕਿ ਭਾਜਪਾ ਦੀ ਕੇਂਦਰੀ ਆਲਾਕਮਾਨ ਅਤੇ ਸੂਬਾਈ ਸੰਗਠਨ ਸਾਰੀਆਂ 10 ਸੀਟਾਂ ‘ਤੇ ਖੁਦ ਚੋਣ ਲੜਨ ਦੇ ਹੱਕ ਵਿਚ ਹਨ।

ਜੇਜੇਪੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਸੋਮਵਾਰ ਨੂੰ ਦਿੱਲੀ ਵਿੱਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਸੀਐਮ ਮਨੋਹਰ ਲਾਲ ਖੱਟਰ ਨੇ ਸੋਮਵਾਰ ਰਾਤ ਨੂੰ ਚੰਡੀਗੜ੍ਹ ਵਿੱਚ ਐਮਰਜੈਂਸੀ ਬੈਠਕ ਬੁਲਾਈ।

ਅੱਜ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀਐਮ ਮਨੋਹਰ ਲਾਲ ਨੇ ਭਾਜਪਾ ਵਿਧਾਇਕ ਦਲ ਦੀ ਅਹਿਮ ਬੈਠਕ ਬੁਲਾਈ ਹੈ। ਇਹ ਬੈਠਕ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਸਵੇਰੇ 11:30 ਵਜੇ ਹਰਿਆਣਾ ਨਿਵਾਸ ਵਿਖੇ ਹੋਵੇਗੀ। ਬੈਠਕ ‘ਚ ਭਾਜਪਾ ਦੇ ਸਾਰੇ ਵਿਧਾਇਕ ਅਤੇ ਮੰਤਰੀ ਮੌਜੂਦ ਰਹਿਣਗੇ। ਇਸ ਤੋਂ ਇਲਾਵਾ ਆਜ਼ਾਦ ਵਿਧਾਇਕ ਵੀ ਬੈਠਕ ਵਿੱਚ ਸ਼ਾਮਲ ਹੋਣਗੇ। ਹਰਿਆਣਾ ਭਾਜਪਾ ਦੇ ਇੰਚਾਰਜ ਵਿਪਲਵ ਦੇਵ ਵੀ ਚੰਡੀਗੜ੍ਹ ਪਹੁੰਚ ਰਹੇ ਹਨ, ਉਥੇ ਹੀ ਹਰਿਆਣਾ ਭਾਜਪਾ ਦੇ ਪ੍ਰਧਾਨ ਨਾਇਬ ਸੈਣੀ ਵੀ ਬੈਠਕ ਵਿਚ ਸ਼ਾਮਲ ਹੋਣਗੇ। ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਹੈ।

ਬੈਠਕ ਲਈ ਆਬਜ਼ਰਵਰ ਅਰਜੁਨ ਮੁੰਡਾ ਅਤੇ ਤਰੁਣ ਚੁੱਘ ਚੰਡੀਗੜ੍ਹ ਲਈ ਰਵਾਨਾ ਹੋ ਗਏ ਹਨ। ਸੂਤਰਾਂ ਅਨੁਸਾਰ ਵਿਧਾਇਕ ਦਲ ਦੀ ਬੈਠਕ ਵਿੱਚ ਨਵੇਂ ਆਗੂ ਦੀ ਚੋਣ ਕੀਤੀ ਜਾਵੇਗੀ। ਬੈਠਕ ਵਿੱਚ ਹੀ ਇਹ ਤੈਅ ਕੀਤਾ ਜਾਵੇਗਾ ਕਿ ਪਾਰਟੀ ਮਨੋਹਰ ਲਾਲ ਦੀ ਅਗਵਾਈ ਵਿੱਚ ਚੋਣ ਲੜੇਗੀ ਜਾਂ ਕੋਈ ਨਵਾਂ ਚਿਹਰਾ ਸਾਹਮਣੇ ਆਵੇਗਾ। ਸੂਤਰਾਂ ਮੁਤਾਬਕ ਮੰਤਰੀ ਮੰਡਲ ਦੇ ਕੁਝ ਚਿਹਰੇ ਬਦਲੇ ਜਾਣਗੇ। ਨਵੀਂ ਕੈਬਨਿਟ ਵਿੱਚ ਆਜ਼ਾਦ ਉਮੀਦਵਾਰਾਂ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਵੇਗੀ।

ਇਸ ਦੌਰਾਨ ਸਿਰਸਾ ਦੇ ਵਿਧਾਇਕ ਅਤੇ ਹਰਿਆਣਾ (Haryana) ਲੋਕਹਿਤ ਪਾਰਟੀ ਦੇ ਪ੍ਰਧਾਨ ਗੋਪਾਲ ਕਾਂਡਾ ਨੇ ਕਿਹਾ ਹੈ ਕਿ ਗਠਜੋੜ (ਭਾਜਪਾ-ਜੇਜੇਪੀ) ਲਗਭਗ ਟੁੱਟ ਚੁੱਕਾ ਹੈ। ਲੋਕ ਸਭਾ ਚੋਣਾਂ ਵਿੱਚ ਭਾਜਪਾ ਸਾਰੀਆਂ 10 ਸੀਟਾਂ ਜਿੱਤੇਗੀ। ਜੇਜੇਪੀ ਤੋਂ ਬਿਨਾਂ ਵੀ ਹਰਿਆਣਾ ਸਰਕਾਰ ਜਿੱਤੇਗੀ।

ਇਸ ਦੌਰਾਨ ਹਰਿਆਣਾ ਦੇ ਆਜ਼ਾਦ ਵਿਧਾਇਕ ਨਯਨ ਪਾਲ ਰਾਵਤ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਸੀਐਮ ਮਨੋਹਰ ਲਾਲ ਦੀ ਅਗਵਾਈ ਵਾਲੀ ਸਰਕਾਰ ਨੂੰ ਆਪਣਾ ਸਮਰਥਨ ਦੇ ਚੁੱਕੇ ਹਾਂ। ਸੀਐੱਮ ਮਨੋਹਰ ਲਾਲ ਨਾਲ ਬੈਠਕ ‘ਚ ਲੋਕ ਸਭਾ ਚੋਣਾਂ ਦੀ ਰਣਨੀਤੀ ‘ਤੇ ਵੀ ਚਰਚਾ ਕੀਤੀ ਗਈ। ਗੱਲਬਾਤ ਤੋਂ ਮੈਨੂੰ ਇਹ ਪ੍ਰਭਾਵ ਮਿਲਿਆ ਕਿ ਜੇਜੇਪੀ ਨਾਲੋਂ ਗਠਜੋੜ ਤੋੜਨ ਦੀ ਸ਼ੁਰੂਆਤ ਹੋ ਚੁੱਕੀ ਹੈ।