ਚੰਡੀਗੜ੍ਹ, 21 ਸਤੰਬਰ 2023: ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਜੇਡੀਐਸ ਆਗੂ ਐਚਡੀ ਕੁਮਾਰਸਵਾਮੀ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਕਿ ਜਨਤਾ ਦਲ (ਸੈਕੂਲਰ) ਰਸਮੀ ਤੌਰ ‘ਤੇ ਰਾਸ਼ਟਰੀ ਜਮਹੂਰੀ ਗਠਜੋੜ (NDA) ‘ਚ ਸ਼ਾਮਲ ਹੋਵੇਗਾ। ਮੀਟਿੰਗ ਦੌਰਾਨ ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਵੀ ਮੌਜੂਦ ਸਨ।
ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਜੇਡੀਐਸ ਆਗੂ ਐਚ.ਡੀ. ਕੁਮਾਰਸਵਾਮੀ ਨੇ ਕਿਹਾ ਕਿ ਅੱਜ ਅਸੀਂ ਰਸਮੀ ਤੌਰ ‘ਤੇ ਭਾਜਪਾ ਨਾਲ ਹੱਥ ਮਿਲਾਉਣ ਅਤੇ ਐਨਡੀਏ (NDA) ਦਾ ਹਿੱਸਾ ਬਣਨ ‘ਤੇ ਚਰਚਾ ਕੀਤੀ। ਅਸੀਂ ਸ਼ੁਰੂਆਤੀ ਮੁੱਦਿਆਂ ‘ਤੇ ਰਸਮੀ ਤੌਰ ‘ਤੇ ਚਰਚਾ ਕੀਤੀ ਹੈ। ਸਾਡੇ ਪਾਸੋਂ ਕੋਈ ਮੰਗ ਨਹੀਂ ਹੈ।
ਇਸ ਦੇ ਨਾਲ ਹੀ ਬੈਠਕ ਦੌਰਾਨ ਮੌਜੂਦ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜਿਸ ਤਰ੍ਹਾਂ ਵਿਕਾਸ ਦੇ ਕੰਮ ਕਰ ਰਹੇ ਹਨ, ਉਸ ਤੋਂ ਬਾਅਦ ਕੋਈ ਵੀ ਪਾਰਟੀ ਐੱਨਡੀਏ ‘ਚ ਸ਼ਾਮਲ ਹੋਣ ਲਈ ਨਾਂਹ ਨਹੀਂ ਕਰੇਗੀ। ਮੈਂ ਉਨ੍ਹਾਂ (ਜੇਡੀਐਸ) ਦਾ ਵੀ ਸਵਾਗਤ ਕਰਦਾ ਹਾਂ। ਆਉਣ ਵਾਲੀਆਂ ਚੋਣਾਂ ਵਿੱਚ ਐਨਡੀਏ ਇੱਕ ਵਾਰ ਫਿਰ ਸੱਤਾ ਵਿੱਚ ਆ ਰਹੀ ਹੈ। ਅਸੀਂ ਕਰਨਾਟਕ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਜਿੱਤ ਰਹੇ ਹਾਂ।