ਚੰਡੀਗੜ੍ਹ, 12 ਮਈ 2023: ਇਲਾਹਾਬਾਦ ਹਾਈਕੋਰਟ ਨੇ ਗਿਆਨਵਾਪੀ ਮਸਜਿਦ (Gyanvapi Masjid) ਵਿੱਚ ਮਿਲੇ ਕਥਿਤ ਸ਼ਿਵਲਿੰਗ ਦੀ ਕਾਰਬਨ ਡੇਟਿੰਗ ਅਤੇ ਵਿਗਿਆਨਕ ਸਰਵੇਖਣ ਕਰਨ ਦਾ ਹੁਕਮ ਦਿੱਤਾ ਹੈ। ਸ਼ੁੱਕਰਵਾਰ ਨੂੰ ਜਸਟਿਸ ਅਰਵਿੰਦ ਕੁਮਾਰ ਮਿਸ਼ਰਾ ਦੀ ਬੈਂਚ ਨੇ ਭਾਰਤੀ ਪੁਰਾਤੱਤਵ ਸਰਵੇਖਣ (ਏ.ਐੱਸ.ਆਈ.) ਨੂੰ ਸ਼ਿਵਲਿੰਗ ਦੇ ਉੱਪਰਲੇ ਹਿੱਸੇ ਦਾ ਸਰਵੇਖਣ ਕਰਨ ਦਾ ਹੁਕਮ ਦਿੱਤਾ। ਅਦਾਲਤ ਨੇ ਕਿਹਾ ਕਿ ਇਸ ਨੂੰ ਦਸ ਗ੍ਰਾਮ ਤੋਂ ਵੱਧ ਹਿੱਸਾ ਨਾ ਲਿਆ ਜਾਵੇ ।
ਇਹ ਸ਼ਿਵਲਿੰਗ 16 ਮਈ, 2022 ਨੂੰ ਗਿਆਨਵਾਪੀ ਕੈਂਪਸ ਦੇ ਵੁਜ਼ੂਖਾਨਾ ਵਿੱਚ ਮਿਲਿਆ ਸੀ। ਵਾਰਾਣਸੀ ਦੇ ਜ਼ਿਲ੍ਹਾ ਜੱਜ ਨੇ ਕਾਰਬਨ ਡੇਟਿੰਗ ਦੀ ਮੰਗ ਵਾਲੀ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ।ਵਿਗਿਆਨਕ ਸਰਵੇਖਣ ਰਾਹੀਂ ਪਤਾ ਲਗਾਉਣਾ ਹੋਵੇਗਾ ਕਿ ਕਥਿਤ ਸ਼ਿਵਲਿੰਗ ਕਿੰਨਾ ਪੁਰਾਣਾ ਹੈ, ਕੀ ਇਹ ਅਸਲ ਵਿੱਚ ਸ਼ਿਵਲਿੰਗ ਹੈ ਜਾਂ ਕੁਝ ਹੋਰ। ਮਾਮਲੇ ਵਿੱਚ ਏਐਸਆਈ ਨੇ ਵੀਰਵਾਰ ਨੂੰ ਸੀਲਬੰਦ ਲਿਫ਼ਾਫ਼ੇ ਵਿੱਚ ਅਦਾਲਤ ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ ਸੀ।
ਪਹਿਲਾਂ ਜਾਣੋ ਕੀ ਹੈ ਵਿਵਾਦ ?
ਗਿਆਨਵਾਪੀ (Gyanvapi Masjid) ਵਿਵਾਦ ਦੇ ਸੰਬੰਧ ਵਿੱਚ ਹਿੰਦੂ ਪੱਖ ਦਾ ਦਾਅਵਾ ਹੈ ਕਿ ਇਸ ਦੇ ਹੇਠਾਂ 100 ਫੁੱਟ ਉੱਚਾ ਆਦਿ ਵਿਸ਼ਵੇਸ਼ਵਰ ਦਾ ਇੱਕ ਸਵੈ-ਪ੍ਰਗਟ ਜੋਤਿਰਲਿੰਗ ਹੈ। ਕਾਸ਼ੀ ਵਿਸ਼ਵਨਾਥ ਮੰਦਿਰ ਨੂੰ ਮਹਾਰਾਜਾ ਵਿਕਰਮਾਦਿੱਤਯ ਨੇ ਲਗਭਗ 2050 ਸਾਲ ਪਹਿਲਾਂ ਬਣਾਇਆ ਸੀ, ਪਰ ਮੁਗਲ ਸਮਰਾਟ ਔਰੰਗਜ਼ੇਬ ਨੇ ਸਾਲ 1664 ਵਿੱਚ ਮੰਦਰ ਨੂੰ ਢਾਹ ਦਿੱਤਾ ਸੀ। ਦਾਅਵੇ ਵਿਚ ਕਿਹਾ ਗਿਆ ਹੈ ਕਿ ਮਸਜਿਦ ਉਸ ਜ਼ਮੀਨ ‘ਤੇ ਮੰਦਰ ਨੂੰ ਢਾਹ ਕੇ ਬਣਾਈ ਗਈ ਸੀ, ਜਿਸ ਨੂੰ ਹੁਣ ਗਿਆਨਵਾਪੀ ਮਸੀਤ ਵਜੋਂ ਜਾਣਿਆ ਜਾਂਦਾ ਹੈ।ਪਟੀਸ਼ਨਕਰਤਾਵਾਂ ਨੇ ਮੰਗ ਕੀਤੀ ਹੈ ਕਿ ਗਿਆਨਵਾਪੀ ਕੰਪਲੈਕਸ ਦਾ ਪੁਰਾਤੱਤਵ ਸਰਵੇਖਣ ਕਰਵਾਇਆ ਜਾਵੇ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਜ਼ਮੀਨਦੋਜ਼ ਹਿੱਸਾ ਮੰਦਰ ਦਾ ਅਵਸ਼ੇਸ਼ ਹੈ ਜਾਂ ਨਹੀਂ। ਵਿਵਾਦਿਤ ਢਾਂਚੇ ਦੇ ਫਰਸ਼ ਨੂੰ ਤੋੜਨ ਦੇ ਨਾਲ-ਨਾਲ ਇਹ ਵੀ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਕੀ ਉੱਥੇ 100 ਫੁੱਟ ਉੱਚਾ ਜਯੋਤਿਰਲਿੰਗ ਸਵਯੰਭੂ ਵਿਸ਼ਵੇਸ਼ਵਰਨਾਥ ਵੀ ਮੌਜੂਦ ਹੈ ਜਾਂ ਨਹੀਂ।
ਮਸਜਿਦ ਦੀਆਂ ਕੰਧਾਂ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਮੰਦਰ ਨਾਲ ਸਬੰਧਤ ਹਨ ਜਾਂ ਨਹੀਂ। ਪਟੀਸ਼ਨਕਰਤਾ ਦਾ ਦਾਅਵਾ ਹੈ ਕਿ ਗਿਆਨਵਾਪੀ ਮਸਜਿਦ ਕਾਸ਼ੀ ਵਿਸ਼ਵਨਾਥ ਮੰਦਰ ਦੇ ਅਵਸ਼ੇਸ਼ਾਂ ਤੋਂ ਬਣਾਈ ਗਈ ਸੀ। ਇਨ੍ਹਾਂ ਦਾਅਵਿਆਂ ਨੂੰ ਸੁਣਦਿਆਂ ਅਦਾਲਤ ਨੇ ਕੋਰਟ ਕਮਿਸ਼ਨਰ ਨਿਯੁਕਤ ਕੀਤਾ ਅਤੇ ਭਾਰਤੀ ਪੁਰਾਤੱਤਵ ਸਰਵੇਖਣ (ਏ.ਐੱਸ.ਆਈ.) ਦੀ ਟੀਮ ਬਣਾਈ। ਇਸ ਟੀਮ ਨੂੰ ਗਿਆਨਵਾਪੀ ਕੈਂਪਸ ਦਾ ਸਰਵੇਖਣ ਕਰਨ ਲਈ ਕਿਹਾ ਗਿਆ ਸੀ।