ਓਲੰਪਿਕ ਖੇਡਾਂ

ਖਿਡਾਰੀਆਂ ਦਾ ਟੀਚਾ ਓਲੰਪਿਕ ਖੇਡਾਂ ‘ਚ ਤਗਮੇ ਜਿੱਤਣ ਦਾ ਹੋਣਾ ਚਾਹੀਦਾ ਹੈ: CM ਨਾਇਬ ਸਿੰਘ ਸੈਣੀ

ਹਰਿਆਣਾ, 13 ਸਤੰਬਰ 2025: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਖਿਡਾਰੀਆਂ ਦਾ ਟੀਚਾ ਓਲੰਪਿਕ ਖੇਡਾਂ ‘ਚ ਤਗਮੇ ਜਿੱਤਣ ਦਾ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2036 ਦੀਆਂ ਓਲੰਪਿਕ ਖੇਡਾਂ ‘ਚ ਭਾਰਤ ਨੂੰ ਇੱਕ ਖੇਡ ਮਹਾਂਸ਼ਕਤੀ ਵਜੋਂ ਸਥਾਪਤ ਕਰਨ ਦਾ ਟੀਚਾ ਰੱਖਿਆ ਹੈ। ਹਰਿਆਣਾ ਸਰਕਾਰ ਨੇ ਓਲੰਪਿਕ ਖੇਡਾਂ ਦੀਆਂ ਤਿਆਰੀਆਂ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਹਨ।

ਮੁੱਖ ਮੰਤਰੀ ਅੱਜ ਪੰਚਕੂਲਾ ‘ਚ ਯੋਨੈਕਸ-ਸਨਰਾਈਜ਼ ਅਸ਼ਵਨੀ ਗੁਪਤਾ ਮੈਮੋਰੀਅਲ ਆਲ ਇੰਡੀਆ ਸਬ-ਜੂਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ 2025 ਦੇ ਉਦਘਾਟਨ ਸਮਾਗਮ ‘ਚ ਦੇਸ਼ ਭਰ ਦੇ ਖਿਡਾਰੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਮੁੱਖ ਮੰਤਰੀ ਨੇ ਬੈਡਮਿੰਟਨ ਟੂਰਨਾਮੈਂਟ ਦਾ ਉਦਘਾਟਨ ਕੀਤਾ ਅਤੇ ਸਪੋਰਟਸ ਪ੍ਰਮੋਸ਼ਨ ਸੋਸਾਇਟੀ, ਪੰਚਕੂਲਾ ਨੂੰ ਆਪਣੇ ਵਿਵੇਕਸ਼ੀਲ ਫੰਡ ਵਿੱਚੋਂ 11 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ।

ਮੁੱਖ ਮੰਤਰੀਨਾਇਬ ਸਿੰਘ ਸੈਣੀ ਨੇ ਵੱਖ-ਵੱਖ ਸੂਬਿਆਂ ਤੋਂ ਆਏ ਲਗਭਗ 2000 ਭਾਗੀਦਾਰਾਂ ਦਾ ਹਰਿਆਣਾ ‘ਚ ਸਵਾਗਤ ਕੀਤਾ ਅਤੇ ਕਿਹਾ ਕਿ ਜਿੱਤ ਅਤੇ ਹਾਰ ਖੇਡ ਦਾ ਹਿੱਸਾ ਹਨ, ਪਰ ਤੁਹਾਡਾ ਜਨੂੰਨ ਅਤੇ ਖੇਡ ਭਾਵਨਾ ਤੁਹਾਨੂੰ ਇੱਕ ਮਹਾਨ ਖਿਡਾਰੀ ਬਣਾਏਗੀ। ਇਹ ਵੀ ਯਾਦ ਰੱਖੋ ਕਿ ਤੁਹਾਡੀ ਮੰਜ਼ਿਲ ਸਿਰਫ ਏਸ਼ੀਅਨ ਜੂਨੀਅਰ ਬੈਡਮਿੰਟਨ ਟੂਰਨਾਮੈਂਟ ਨਹੀਂ ਹੈ, ਸਗੋਂ ਓਲੰਪਿਕ ‘ਚ ਭਾਰਤ ਲਈ ਤਗਮਾ ਜਿੱਤਣਾ ਹੋਣਾ ਚਾਹੀਦਾ ਹੈ।

ਹਰਿਆਣਾ ਨੂੰ ਖੇਡ ਕੇਂਦਰ ਦੱਸਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ ਦੇ ਖਿਡਾਰੀਆਂ ਨੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ‘ਚ ਤਗਮੇ ਜਿੱਤ ਕੇ ਦੇਸ਼ ਅਤੇ ਰਾਜ ਦਾ ਨਾਮ ਰੌਸ਼ਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ 11 ਸਾਲ ਪਹਿਲਾਂ ਹਰਿਆਣਾ ‘ਚ ਖੇਡਾਂ ਲਈ ਇੱਕ ਦ੍ਰਿਸ਼ਟੀਕੋਣ ਵਿਕਸਤ ਕੀਤਾ ਗਿਆ ਸੀ, ਜਿਸ ਅਨੁਸਾਰ ਅਸੀਂ ‘ਖੇਲੇ ਹਰਿਆਣਾ-ਬਧੇ ਹਰਿਆਣਾ’ ਦੇ ਮੰਤਰ ਨਾਲ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਖੇਡ ਬੁਨਿਆਦੀ ਢਾਂਚਾ ਵਿਕਸਤ ਕੀਤਾ ਹੈ। ਭਾਵੇਂ ਉਹ ਖੇਡ ਸਟੇਡੀਅਮ ਹੋਣ, ਇਨਡੋਰ ਹਾਲ ਹੋਣ ਜਾਂ ਰਿਹਾਇਸ਼ੀ ਖੇਡ ਅਕੈਡਮੀਆਂ, ਸਰਕਾਰ ਨੇ ਰਾਜ ਦੇ ਹਰ ਜ਼ਿਲ੍ਹੇ ‘ਚ ਆਧੁਨਿਕ ਖੇਡ ਸਹੂਲਤਾਂ ਵਿਕਸਤ ਕੀਤੀਆਂ ਹਨ।

ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਨੇ ਖਿਡਾਰੀਆਂ ਨੂੰ ਬਚਪਨ ਤੋਂ ਹੀ ਨਿਖਾਰਨ ਲਈ ਖੇਡ ਨਰਸਰੀਆਂ ਖੋਲ੍ਹੀਆਂ ਹਨ। ਹਰਿਆਣਾ ਨੂੰ ‘ਖੇਡਾਂ ਦੀ ਨਰਸਰੀ’ ਕਿਹਾ ਜਾਂਦਾ ਹੈ। ਇਨ੍ਹਾਂ ਨਰਸਰੀਆਂ ‘ਚ ਖਿਡਾਰੀਆਂ ਨੂੰ ਵਿੱਤੀ ਸਹਾਇਤਾ ਅਤੇ ਸਿਖਲਾਈ ਦਿੱਤੀ ਜਾਂਦੀ ਹੈ। ਇਸ ਸਮੇਂ ਰਾਜ ‘ਚ 1,489 ਖੇਡ ਨਰਸਰੀਆਂ ਕੰਮ ਕਰ ਰਹੀਆਂ ਹਨ। ਇਨ੍ਹਾਂ ਵਿੱਚ 37 ਹਜ਼ਾਰ 225 ਖਿਡਾਰੀ ਸਿਖਲਾਈ ਲੈ ਰਹੇ ਹਨ। ਇਨ੍ਹਾਂ ਨਰਸਰੀਆਂ ਵਿੱਚ ਦਾਖਲ 8 ਤੋਂ 14 ਸਾਲ ਦੀ ਉਮਰ ਦੇ ਖਿਡਾਰੀਆਂ ਨੂੰ 1500 ਰੁਪਏ ਅਤੇ 15 ਤੋਂ 19 ਸਾਲ ਦੀ ਉਮਰ ਦੇ ਖਿਡਾਰੀਆਂ ਨੂੰ 2000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ।

ਹਰਿਆਣਾ ਦੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਉਹ ਓਲੰਪਿਕ ਖੇਡਾਂ ਹੋਣ, ਏਸ਼ੀਆਈ ਖੇਡਾਂ ਹੋਣ ਜਾਂ ਰਾਸ਼ਟਰਮੰਡਲ ਖੇਡਾਂ, ਹਰਿਆਣਾ ਦੇ ਖਿਡਾਰੀਆਂ ਨੇ ਹਰ ਮੋਰਚੇ ‘ਤੇ ਤਿਰੰਗਾ ਉੱਚਾ ਲਹਿਰਾਇਆ ਹੈ। ਪੈਰਿਸ ਓਲੰਪਿਕ 2024 ‘ਚ ਦੇਸ਼ ਵੱਲੋਂ ਜਿੱਤੇ ਗਏ 6 ਤਗਮਿਆਂ ‘ਚੋਂ 5 ਤਗਮੇ ਹਰਿਆਣਾ ਦੇ ਖਿਡਾਰੀਆਂ ਨੇ ਜਿੱਤੇ ਸਨ। ਇਸ ਤੋਂ ਪਹਿਲਾਂ, ਟੋਕੀਓ ਓਲੰਪਿਕ 2020 ‘ਚ ਭਾਰਤ ਵੱਲੋਂ ਜਿੱਤੇ ਗਏ 7 ਤਗਮਿਆਂ ‘ਚੋਂ 4 ਤਗਮੇ ਹਰਿਆਣਾ ਦੇ ਖਿਡਾਰੀਆਂ ਨੇ ਜਿੱਤੇ ਸਨ।

ਮੁੱਖ ਮੰਤਰੀ ਨੇ ਦੱਸਿਆ ਕਿ ਰਾਜ ਸਰਕਾਰ ਨੇ ਸ਼ਾਨਦਾਰ ਖਿਡਾਰੀਆਂ ਲਈ ਸੁਰੱਖਿਅਤ ਰੁਜ਼ਗਾਰ ਯਕੀਨੀ ਬਣਾਉਣ ਲਈ ‘ਹਰਿਆਣਾ ਉਤਕ੍ਰਿਸ਼ਟ ਖਿਲਾੜੀ ਸੇਵਾ ਨਿਯਮ 2021’ ਬਣਾਇਆ ਹੈ। ਇਸ ਤਹਿਤ ਖੇਡ ਵਿਭਾਗ ‘ਚ 550 ਨਵੀਆਂ ਅਸਾਮੀਆਂ ਬਣਾਈਆਂ ਗਈਆਂ। ਇਸ ਤੋਂ ਇਲਾਵਾ, ਅੰਤਰਰਾਸ਼ਟਰੀ ਪੱਧਰ ‘ਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ 224 ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਕਲਾਸ-1 ਤੋਂ ਕਲਾਸ-3 ਤੱਕ ਦੀਆਂ ਅਸਾਮੀਆਂ ਦੀ ਸਿੱਧੀ ਭਰਤੀ ‘ਚ ਖਿਡਾਰੀਆਂ ਲਈ ਰਾਖਵਾਂਕਰਨ ਦਾ ਪ੍ਰਬੰਧ ਕੀਤਾ ਹੈ।

ਸਾਰੇ ਬੈਡਮਿੰਟਨ ਖਿਡਾਰੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਬੈਡਮਿੰਟਨ ਇੱਕ ਅਜਿਹੀ ਖੇਡ ਹੈ ਜੋ ਨਾ ਸਿਰਫ਼ ਸਰੀਰਕ ਹੁਨਰ ਅਤੇ ਤਕਨੀਕੀ ਮੁਹਾਰਤ ਨੂੰ ਵਧਾਉਂਦੀ ਹੈ, ਸਗੋਂ ਮਾਨਸਿਕ ਮਜ਼ਬੂਤੀ, ਅਨੁਸ਼ਾਸਨ ਅਤੇ ਸਮਰਪਣ ਦਾ ਵੀ ਪ੍ਰਤੀਕ ਹੈ।

ਉਨ੍ਹਾਂ ਕਿਹਾ ਕਿ ਇਹ ਖੇਡ ਪਿਛਲੇ ਕੁਝ ਦਹਾਕਿਆਂ ‘ਚ ਭਾਰਤ ‘ਚ ਬੇਮਿਸਾਲ ਪ੍ਰਸਿੱਧ ਹੋਈ ਹੈ। ਇਸਦਾ ਸਿਹਰਾ ਸਾਡੇ ਮਹਾਨ ਖਿਡਾਰੀਆਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਵਿਸ਼ਵ ਪੱਧਰ ‘ਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਇਨ੍ਹਾਂ ‘ਚ ਪ੍ਰਕਾਸ਼ ਪਾਦੂਕੋਣ, ਪੁਲੇਲਾ ਗੋਪੀਚੰਦ, ਸਾਇਨਾ ਨੇਹਵਾਲ, ਪੀ.ਵੀ. ਸਿੰਧੂ ਅਤੇ ਲਕਸ਼ਯ ਸੇਨ ਵਰਗੇ ਖਿਡਾਰੀ ਸ਼ਾਮਲ ਹਨ। ਇਨ੍ਹਾਂ ਖਿਡਾਰੀਆਂ ਨੇ ਲੱਖਾਂ ਨੌਜਵਾਨਾਂ ਨੂੰ ਇਸ ਖੇਡ ਵੱਲ ਵੀ ਆਕਰਸ਼ਿਤ ਕੀਤਾ ਹੈ।

Read More: CM ਨਾਇਬ ਸਿੰਘ ਸੈਣੀ ਨੇ ਗੁਰੂਗ੍ਰਾਮ ਵਿਖੇ ਮੈਗਾ ਸਵੱਛਤਾ ਮੁਹਿੰਮ ‘ਚ ਲਿਆ ਹਿੱਸਾ

Scroll to Top