July 7, 2024 1:00 pm
ਏਜੰਟਾਂ

ਏਜੰਟਾਂ ਨੇ ਪੰਜਾਬੀ ਨੌਜਵਾਨ ਨੂੰ ਇਟਲੀ ਦੀ ਥਾਂ ਭੇਜਿਆ ਲੀਬੀਆ, ਖ਼ਬਰਸਾਰ ਨਾ ਹੋਣ ਦੇ ਚੱਲਦੇ ਪਰਿਵਾਰ ਪਰੇਸ਼ਾਨ

ਗੁਰਦਾਸਪੁਰ, 19 ਜੂਨ 2023: ਪੰਜਾਬ ਦੇ ਨੌਜਵਾਨਾ ਦਾ ਵਿਦੇਸ਼ ਵੱਲ ਜਾਣ ਦਾ ਰੁਝਾਨ ਵਧ ਰਿਹਾ ਹੈ, ਜਿਹਨਾਂ ‘ਚ ਕਈ ਨੌਜਵਾਨ ਗ਼ਲਤ ਏਜੰਟਾਂ ਦੇ ਹੱਥੇ ਚੜ੍ਹ ਕੇ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਕਈ ਵਿਦੇਸ਼ਾਂ ਵਿਚ ਰੁਲ ਰਹੇ ਹਨ | ਅਜਿਹਾ ਹੀ ਤਾਜ਼ਾ ਮਾਮਲਾ ਕਾਦੀਆਂ ਦੇ ਪਿੰਡ ਲੀਲ ਕਲਾਂ ਦਾ ਸਾਹਮਣੇ ਆਇਆ ਹੈ, ਜਿੱਥੋਂ ਇੱਕ ਕਿਸਾਨ ਪਰਿਵਾਰ ਨੇ ਆਪਣੇ ਬੇਟੇ ਜੋਬਨਪ੍ਰੀਤ ਸਿੰਘ ਨੂੰ ਵਿਦੇਸ਼ ਭੇਜਣ ਲਈ ਪਿੰਡ ਨੱਤ ਦੇ ਇਕ ਟ੍ਰੇਵਲ ਏਜੇਂਟ ਨੂੰ ਸਾਢੇ ਨੌਂ ਲੱਖ ਰੁਪਏ ਦਿੱਤਾ |

ਲੇਕਿਨ ਨੌਜਵਾਨ ਜੋਬਨਪ੍ਰੀਤ ਇਟਲੀ ਭੇਜਣ ਦੀ ਥਾਂ ਲੀਬੀਆ ਭੇਜ ਦਿੱਤਾ ਅਤੇ ਉੱਥੇ ਵੀ ਅੱਗੇ ਜਿਹਨਾਂ ਏਜੇਂਟਾਂ ਕੋਲ ਨੌਜਵਾਨ ਪਹੁੰਚਿਆ, ਉਹਨਾਂ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਅਤੇ ਪੈਸੇ ਦੀ ਮੰਗ ਕੀਤੀ ਗਈ | ਜਿਸ ਦੀਆਂ ਵੀਡੀਓ ਜੋਬਨਪ੍ਰੀਤ ਨੇ ਪਰਿਵਾਰ ਨੂੰ ਭੇਜੀਆਂ ਹਨ ਅਤੇ ਪੈਸੇ ਦੇਣ ਤੋਂ ਬਾਅਦ ਵੀ ਜੋਬਨਪ੍ਰੀਤ ਸਿੰਘ ਲਾਪਤਾ ਹੈ, ਅਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ |

ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨ ਜੋਬਨਪ੍ਰੀਤ ਸਿੰਘ ਦੇ ਪਿਤਾ ਬਲਕਾਰ ਸਿੰਘ ਅਤੇ ਚਾਚੀ ਬਲਜਿੰਦਰ ਕੌਰ ਨੇ ਦੱਸਿਆ ਕਿ ਏਜੰਟ ਨੂੰ ਪੈਸੇ ਦਿੰਦਿਆਂ ਦੀ ਵੀਡੀਓ ਵੀ ਉਹਨਾਂ ਕੋਲ ਹੈ, ਪਰ ਉਸ ਏਜੰਟ ਵੱਲੋਂ ਸਾਡੇ ਬੇਟੇ ਨੂੰ ਇਟਲੀ ਭੇਜਣ ਦੀ ਥਾਂ ਲੀਬੀਆ ਵਿਚ ਕਿਸੇ ਏਜੰਟ ਕੋਲ ਫਸਾ ਦਿੱਤਾ | ਜਿਸ ਨੇ ਸਾਡੇ ਬੇਟੇ ਜੋਬਨਪ੍ਰੀਤ ਸਿੰਘ ਨਾਲ ਕੁੱਟਮਾਰ ਕਰ ਉਸ ਦੀ ਵੀਡੀਓ ਸਾਨੂੰ ਭੇਜੀ ਅਤੇ ਡਰਾ ਧਮਕਾ ਕੇ ਸਾਡੇ ਕੋਲੋਂ ਛੇ ਲੱਖ ਰੁਪਏ ਮੰਗਿਆ ਜੋ ਕਿ ਅਸੀਂ ਉਸ ਨੂੰ ਦੇ ਦਿੱਤਾ, ਪਰ ਪਿਛਲੇ ਅੱਠ ਦਿਨਾਂ ਤੋਂ ਸਾਡਾ ਬੇਟੇ ਨਾਲ ਕੋਈ ਵੀ ਸੰਪਰਕ ਨਹੀਂ ਹੋ ਰਿਹਾ |

ਉਨ੍ਹਾਂ ਕਿਹਾ ਕਿ ਅਸੀਂ ਚਾਰ ਮਹੀਨੇ ਪਹਿਲਾਂ ਵੀ ਏਜੰਟ ਦੇ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਿੱਤੀ ਸੀ, ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਅਤੇ ਉਹ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਕੋਲੋਂ ਮੰਗ ਕਰ ਰਹੇ ਹਨ ਕਿ ਉਹਨਾਂ ਦੇ ਬੱਚੇ ਨੂੰ ਸਹੀ ਸਲਾਮਤ ਪੰਜਾਬ ਘਰ ਵਾਪਸ ਲਿਆਂਦਾ ਜਾਵੇ |

ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਅਜਿਹੇ ਧੋਖੇਬਾਜ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਉੱਥੇ ਹੀ ਪਿੰਡ ਵਾਸੀਆਂ ਅਤੇ ਕਿਸਾਨ ਆਗੂਆਂ ਅਜੀਤ ਸਿੰਘ ਲੀਲ ਕਲਾਂ ਅਤੇ ਸਰਪੰਚ ਗੁਰਨਾਮ ਸਿੰਘ ਨੇ ਅਪੀਲ ਕੀਤੀ ਕਿ ਸੰਬੰਧਤ ਟ੍ਰੇਵਲ ਏਜੰਟ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਕਿਹਾ ਕਿ ਇਸ ਮਾਮਲੇ ਦਾ ਜੇਕਰ ਛੇਤੀ ਹੱਲ ਨਾ ਹੋਇਆ ਤਾਂ ਉਹ ਮਜ਼ਬੂਰ ਹੋ ਕੇ ਸੰਘਰਸ਼ ਕਰਨਗੇ |