ਸਰਕਾਰ-ਸਨਅਤਕਾਰ’ ਮਿਲਣੀ

ਵਧੀਕ ਡਿਪਟੀ ਕਮਿਸ਼ਨਰ ਵਲੋਂ 15 ਸਤੰਬਰ ਨੂੰ ਕਰਵਾਈ ਜਾ ਰਹੀ ‘ਸਰਕਾਰ-ਸਨਅਤਕਾਰ’ ਮਿਲਣੀ ਦੀਆਂ ਤਿਆਰੀਆਂ ਦਾ ਜਾਇਜ਼ਾ

ਐੱਸ ਏ ਐੱਸ ਨਗਰ, 13 ਸਤੰਬਰ,2023: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀਆਂ ਹਦਾਇਤਾਂ ਤੇ ਅੱਜ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ ਅਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਿਰਾਜ ਐੱਸ ਤਿੜਕੇ ਵੱਲੋਂ 15 ਸਤੰਬਰ ਨੂੰ ਰੈੱਡੀਸਨ ਰੈੱਡ ਵਿਖੇ ਕਰਵਾਈ ਜਾ ਰਹੀ ‘ਸਰਕਾਰ-ਸਨਅਤਕਾਰ’ ਮਿਲਣੀ ਸਬੰਧੀ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕਰਕੇ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।

ਇਸ ਸਮਾਗਮ ਦੇ ਮੁੱਖ ਮਹਿਮਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਣਗੇ ਜਦਕਿ ਸਮਾਗਮ ਦੀ ਪ੍ਰਧਾਨਗੀ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਕਰਨਗੇ। ਰੈੱਡੀਸਨ ਰੈੱਡ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨੇ ਅਧਿਕਾਰੀਆਂ ਨੂੰ ਇਸ ਮੈਗਾ ਈਵੈਂਟ ਲਈ ਪੁਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਕਿਹਾ, ਜਿਸ ਵਿੱਚ ਖੇਤਰ ਦੇ ਉਦਯੋਗਿਕ ਕਾਰੋਬਾਰੀ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਸਖ਼ਤ ਮਿਹਨਤ ਕਰਨੀ ਪਵੇਗੀ।

ਏ.ਡੀ.ਸੀ. ਮਾਨ ਨੇ ਕਿਹਾ ਕਿ ਐਸ.ਏ.ਐਸ.ਨਗਰ ਜ਼ਿਲ੍ਹੇ, ਖਾਸ ਕਰਕੇ ਮੋਹਾਲੀ ਅਤੇ ਡੇਰਾਬੱਸੀ ਖੇਤਰਾਂ ਦਾ ਨਿਰਮਾਣ, ਨਿਰਯਾਤ ਅਤੇ ਆਈ.ਟੀ ਸੈਕਟਰ ਵਿੱਚ ਵੱਡਾ ਯੋਗਦਾਨ ਹੈ। ਇਸ ਤੋਂ ਇਲਾਵਾ, ਮੋਹਾਲੀ, ਰੇਲਵੇ ਪਾਰਟਸ, ਟਰੈਕਟਰ ਪਾਰਟਸ ਅਤੇ ਆਟੋਮੋਬਾਈਲ ਪਾਰਟਸ ਆਦਿ ਬਹੁਤ ਸਾਰੀਆਂ ਬਹੁ-ਰਾਸ਼ਟਰੀ ਕੰਪਨੀਆਂ ਨੂੰ ਸਪਲਾਈ ਕਰਨ ਲਈ ਜਾਣਿਆ ਜਾਂਦਾ ਹੈ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੋਹਾਲੀ ਵਿੱਚ ਆਈ ਟੀ ਸੇਵਾਵਾਂ ਉਦਯੋਗ, ਸਵਰਾਜ ਅਤੇ ਮਹਿੰਦਰਾ ਯੂਨਿਟਾਂ ਤੋਂ ਇਲਾਵਾ ਐਸ ਸੀ ਐਲ (ਭਾਰਤ ਸਰਕਾਰ) ਅਤੇ ਡੇਰਾਬੱਸੀ ਖੇਤਰ ਵਿੱਚ ਕਾਂਸਲ ਇੰਜੀਨੀਅਰਿੰਗ ਜੋ ਰੇਲਵੇ ਅਤੇ ਟਰੈਕਟਰ ਪਾਰਟਸ ਲਈ ਮਸ਼ਹੂਰ ਹੈ, ਮੌਜੂਦ ਹਨ। ਇਸੇ ਤਰ੍ਹਾਂ ਮੋਹਾਲੀ ਵਿੱਚ ਕਈ ਹੋਰ ਪ੍ਰਮੁੱਖ ਯੂਨਿਟਾਂ ਤੋਂ ਇਲਾਵਾ ਆਰਥੋਟਿਕਸ ਦਾ ਸਭ ਤੋਂ ਵੱਡਾ ਨਿਰਮਾਤਾ ਅਤੇ ਨਿਰਯਾਤ ਕਰਨ ਵਾਲਾ ਟਾਇਨੋਰ ਆਰਥੋਟਿਕਸ ਵੀ ਹੈ।

ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਉਦਯੋਗਪਤੀਆਂ ਨੂੰ ਇਸ ਪ੍ਰੋਗਰਾਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਅਪੀਲ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਰ੍ਹਾਂ ਸਮਰਪਿਤ ਹੈ।

ਉਨ੍ਹਾਂ ਸੂਬੇ ਅਤੇ ਜ਼ਿਲ੍ਹੇ ਨੂੰ ਦੇਸ਼ ਦਾ ਮੋਹਰੀ ਉਦਯੋਗਿਕ ਸੂਬਾ ਬਣਾਉਣ ਲਈ ਉਨ੍ਹਾਂ ਦੇ ਪੂਰਨ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਹ ਸਰਕਾਰ-ਸਨਅਤਕਾਰ ਮਿਲਣੀ, ਰਾਜ ਅਤੇ ਮੋਹਾਲੀ ਦੇ ਸੰਪੂਰਨ ਉਦਯੋਗਿਕ ਵਿਕਾਸ ਲਈ ਇੱਕ ਨਵਾਂ ਦਿਸਹੱਦਾ ਸਥਾਪਿਤ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਇੱਕ ਕਾਰੋਬਾਰ ਅਤੇ ਉਦਯੋਗ ਜਗਤ ਲਈ ਅਨੁਕੂਲ ਮਾਹੌਲ ਪ੍ਰਦਾਨ ਕਰਨਾ ਹੈ ਜਿੱਥੇ ਉਨ੍ਹਾਂ ਨੂੰ ਕੰਮ ਕਰਨ ਵਿੱਚ ਸੁਵਿਧਾਵਾਂ ਨੂੰ ਯਕੀਨੀ ਬਣਾਇਆ ਜਾ ਸਕੇ |

Scroll to Top