ਅਦਬੀ ਮੇਲਾ 2024

ਲੰਡਨ ਵਿਖੇ ਕਰਵਾਏ ‘ਅਦਬੀ ਮੇਲਾ 2024’ ਨੂੰ ਸਰੋਤਿਆਂ ਵੱਲੋਂ ਮਿਲਿਆ ਭਰਪੂਰ ਹੁੰਗਾਰਾ

ਲੰਡਨ (ਇੰਗਲੈਂਡ) 22 ਜੁਲਾਈ 2024: ਲੰਡਨ ਵਿਖੇ ਏਸ਼ੀਆਈ ਸਾਹਿਤਕ ਅਤੇ ਸੱਭਿਆਚਾਰਕ ਫੋਰਮ ਯੂਕੇ ਵੱਲੋਂ ਕਰਵਾਏ ਜਾ ਰਹੇ ‘ਅਦਬੀ ਮੇਲਾ 2024‘ ‘ਚ ਅੱਜ ਦੂਜੇ ਅਤੇ ਆਖ਼ਰੀ ਦਿਨ ਭਰਪੂਰ ਸਮਾਗਮਾਂ ਦਾ ਦੌਰ ਚੱਲਿਆ। ਸਭ ਤੋਂ ਪਹਿਲਾਂ ‘ਸੰਵਾਦ, ਸਮਕਾਲ ਅਤੇ ਪੰਜਾਬੀ ਅਦਬ’ ਅਧੀਨ ਪਹਿਲੇ ਸੈਸ਼ਨ ‘ਚ ‘ਸਮਕਾਲ ਅਤੇ ਪੰਜਾਬੀ ਕਵਿਤਾ’ ਦੌਰਾਨ ਮੌਜੂਦਾ ਕਵਿਤਾ ਬਾਰੇ ਵਰਿੰਦਰ ਪਰਿਹਾਰ, ਗੁਰਪ੍ਰੀਤ, ਸਾਬਰ ਅਲੀ ਸਾਬਰ ਅਤੇ ਜਗਦੀਪ ਸਿੱਧੂ ਵੱਲੋਂ ਸੰਵਾਦ ਰਚਾਇਆ ਗਿਆ | ਇਸ ਦੇ ਸੰਚਾਲਨ ਸਤਪਾਲ ਭੀਖੀ ਸਨ।

ਦੂਜੇ ਸੈਸ਼ਨ ‘ਚ ‘ਸਮਕਾਲ ਅਤੇ ਪੰਜਾਬੀ ਗਲਪ’ ‘ਤੇ ਗੱਲਬਾਤ ਹੋਈ | ਇਸ ‘ਚ ਹਰਜੀਤ ਅਟਵਾਲ, ਡਾ. ਧਨਵੰਤ ਕੌਰ, ਗੁਰਮੀਤ ਪਨਾਗ ਅਤੇ ਜਸਵਿੰਦਰ ਰੱਤੀਆਂ ਚਰਚਾਕਾਰ ਸਨ | ਜਿਸਦਾ ਸੰਚਾਲਨ ਮਹਿੰਦਰਪਾਲ ਸਿੰਘ ਧਾਲੀਵਾਲ ਨੇ ਕੀਤਾ। ‘ਸਮਕਾਲ ਅਤੇ ਪੰਜਾਬੀ ਨਾਟਕ, ਰੰਗਮੰਚ ਤੇ ਸਿਨੇਮਾ ਉੱਤੇ ਚਰਚਾਕਾਰਾਂ ਨੇ ਨਾਟਕ ਦੀ ਦਿਸ਼ਾ ਅਤੇ ਦਸ਼ਾ ਉੱਤੇ ਚਿੰਤਾ ਜਤਾਈ | ਇਸ ਦੀ ਬਿਹਤਰੀ ਲਈ ਕੁਝ ਨੁਕਤੇ ਸੁਝਾਏ ਗਏ | ਇਸ ਦੇ ਪੈਨਲ ‘ਚ ਅਨੀਤਾ ਸ਼ਬਦੀਸ਼, ਡਾ. ਤਰਸਪਾਲ ਕੌਰ, ਕੁਮਾਰ ਜਗਦੇਵ ਸਿੰਘ ਅਤੇ ਪਰਜੀਤ ਦਿਓਲ ਸਨ | ਇਸਦਾ ਸੰਚਾਲਨ ਕੁਲਦੀਪ ਦੀਪ ਵੱਲੋਂ ਕੀਤਾ ਗਿਆ ।

ਇਸ ਉਪਰੰਤ ‘ਵਾਹਗੇ ਦੇ ਆਰ-ਪਾਰ ਵਿਚ’ ਵੰਡ, ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਸਾਹਿਤ ਅਤੇ ਹੋਰ ਗੰਭੀਰ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਇਸ ਦੇ ਪੈਨਲ ‘ਚ ਸਾਈਂ ਸੁੱਚਾ, ਹਰਵਿੰਦਰ ਸਿੰਘ, ਡਾ. ਅਮਜਦ ਅਲੀ ਭੱਟੀ ਨੇ ਚਰਚਾ ਕੀਤੀ | ਇਸ ਦੇ ਸੰਚਾਲਕ ਨੁਜ਼ਹਤ ਅਬਾਸ ਸਨ । ‘ਅਦਬੀ ਮੇਲੇ 2024’ ਦੇ ਆਖ਼ਰ ‘ਚ ਉੱਘੇ ਲੋਕ ਗਾਇਕ ਮਾਣਕ ਅਲੀ ਨੇ ਆਪਣੀ ਗਾਇਕੀ ਦਾ ਰੰਗ ਬਖੇਰਿਆ ਅਤੇ ਸਰੋਤਿਆਂ ਦਾ ਮਨ ਮੋਹ ਲਿਆ। ਇਸ ਮੇਲੇ ‘ਚ ਕਿਤਾਬਾਂ ਦੇ ਸਟਾਲ ਅਤੇ ਲੋਕ ਰੰਗ ਨੂੰ ਦਰਸਾਉਂਦੀਆਂ ਹੋਰ ਪ੍ਰਦਰਸ਼ਨੀਆਂ ਵੀ ਲਗਾਈਆਂ । ਇਸ ਮੇਲੇ ਨੂੰ ਲੈ ਕੇ ਇੰਗਲੈਂਡ ਵਾਸੀਆਂ ‘ਚ ਵੀ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਇਸ ‘ਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ | ਅਗਲੀ ਵਾਰ ਮਿਲਣ ਦੇ ਵਾਅਦੇ ਨਾਲ ‘ਅਦਬੀ ਮੇਲਾ 2024’ ਦੀ ਸਮਾਪਤੀ ਹੋਈ |

Scroll to Top