July 7, 2024 4:53 pm
ਨਸ਼ੇੜੀ ਪੁੱਤ

ਨਸ਼ੇੜੀ ਪੁੱਤ ਦਾ ਕਾਰਾ, ਨਸ਼ੇੜੀ ਸਾਥੀਆਂ ਨਾਲ ਮਿਲ ਕੇ ਆਪਣੀ ਮਾਂ ਤੇ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲ

ਪਟਿਆਲਾ , 03 ਜੁਲਾਈ 2023: ਬੀਤੇ ਦਿਨੀ ਕਲਯੁਗੀ ਨਸ਼ੇੜੀ ਪੁੱਤ ਦਾ ਦਿਲ ਦਹਿਲਉਣ ਵਾਲਾ ਕਾਰਾ ਪਾਤੜਾਂ ਦੇ ਪਿੰਡ ਕਾਂਗਥਲਾ ਤੋਂ ਸਾਹਮਣੇ ਆਇਆ, ਜਿੱਥੇ ਨਸ਼ੇੜੀ ਪੁੱਤ ਨੇ ਮਾਂ ਤੇ ਮਤਰੇਏ ਭਰਾ ਦਾ ਕਤਲ ਕਰ ਦਿੱਤਾ | ਇਸ ਨਸ਼ੇੜੀ ਵੱਲੋਂ ਦੋ ਨਸ਼ੇੜੀ ਸਾਥੀਆਂ ਦੀ ਮੱਦਦ ਨਾਲ ਇਹ ਕਤਲ ਕੀਤਾ ਗਿਆ | ਪਟਿਆਲਾ ਪੁਲਿਸ ਵੱਲੋਂ ਰਿਕਾਰਡ ਸਮੇਂ ਵਿੱਚ ਹੀ ਇਹ ਤਿੰਨੋ ਦੋਸ਼ੀ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ |

ਬੀਤੇ ਦਿਨੀ ਸਬ-ਡਿਵੀਜ਼ਨ ਪਾਤੜਾਂ ਪਿੰਡ ਕਾਂਗਥਲਾ ਵਿਖੇ ਇਕ ਨਸ਼ੇੜੀ ਪੁੱਤ ਵੱਲੋਂ ਦੋ ਸਾਥੀਆਂ ਨਾਲ ਮਿਲ ਕੇ ਆਪਣੀ ਮਾਂ ਅਤੇ ਮਤਰੇਏ ਭਰਾ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਇਸ ਨਸ਼ੇੜੀ ਵਲੋਂ ਬੇਹੱਦ ਦਰਿੰਦਗੀ ਨਾਲ ਮਾਂ ਨੂੰ ਮਾਰ ਕੇ ਉਸਦੀ ਲਾਸ਼ ਦੇ 20 ਦੇ ਕਰੀਬ ਟੋਟੇ ਕੀਤੇ ਗਏ ਸੀ ਅਤੇ ਇਸ ਦਿਲ ਕੰਬਾਊ ਘਟਨਾ ਵਿੱਚ ਨਿਰਦਈ ਪੁੱਤਰ ਵੱਲੋਂ ਮਾਂ ਦੀ ਲਾਸ਼ ਦੇ ਟੋਟੇ ਕਰਕੇ ਤੇਲ ਪਾ ਕੇ ਸਾੜ ਦਿੱਤਾ ਗਿਆ ਸੀ |

ਇਸ ਮਾਮਲੇ ਵਿੱਚ ਪਟਿਆਲਾ ਪੁਲਿਸ ਵੱਲੋਂ ਬੀਤੇ ਕੱਲ੍ਹ ਰਾਤ ਹੀ ਤਿੰਨੋ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ | ਐਸ.ਐਸ.ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਉਕਤ ਨਸ਼ੇੜੀ ਦੀ ਮਾਂ ਨਾਲ ਨਸ਼ੇ ਨੂੰ ਲੈ ਕੇ ਪੈਸੇ ਨਾ ਦੇਣ ‘ਤੇ ਲੜਾਈ ਹੋ ਗਈ ਸੀ, ਜਿਸਦੀ ਖੁੰਦਕ ਵਿੱਚ ਇਸ ਨਸ਼ੇੜੀ ਨੇ ਉਸ ਲਈ ਰੋਟੀ ਬਣਾ ਰਹੀ ਆਪਣੀ ਮਾਂ ਦੇ ਸਿਰ ਵਿੱਚ ਸਬਲ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਸਾਥੀਆਂ ਨਾਲ ਮਿਲਕੇ ਲਾਸ਼ ਦੇ ਟੋਟੇ ਕਰਕੇ ਬੋਰੀ ਵਿੱਚ ਪਾ ਕੇ ਛੁਪਾ ਦਿੱਤੇ |

ਉਸਦਾ ਭਰਾ ਪਟਿਆਲਾ ਗੁਰਦੁਆਰੇ ਮੱਥਾ ਟੇਕਣ ਆਇਆ ਸੀ, ਉਸ ਵੱਲੋਂ ਜਦੋ ਮਾਂ ਬਾਰੇ ਪੁੱਛਿਆ ਗਿਆ ਤਾਂ ਭਰਾ ਨੂੰ ਸ਼ੱਕ ਪੈਣ ਦੇ ਡਰੋਂ ਇਹਨਾਂ ਵੱਲੋਂ ਮਤਰੇਏ ਭਰਾ ਦਾ ਵੀ ਕਤਲ ਕਰ ਦਿੱਤਾ ਗਿਆ ਅਤੇ ਲਾਸ਼ ਨੇੜਲੀ ਵੀਰਾਨ ਡ੍ਰੇਨ ਵਿੱਚ ਸੁੱਟ ਦਿੱਤੀ | ਜਿਸਤੋਂ ਬਾਅਦ ਪਹਿਲਾ ਉਸਦੇ ਭਰਾ ਦੀ ਲਾਸ਼ ਮਿਲੀ ਅਤੇ ਮਾਂ ਦੀ ਲਾਸ਼ ਦੇ ਟੋਟੇ ਲੱਕੜਾਂ ਵਿੱਚ ਰੱਖ ਅੱਗ ਲਗਾ ਦਿੱਤੀ, ਪਰ ਲਾਸ਼ ਸੜਨ ਨਾਲ ਹੋਈ ਬਦਬੂ ਕਾਰਨ ਲੋਕਾਂ ਨੂੰ ਸ਼ੱਕ ਹੋ ਗਿਆ ਅਤੇ ਮਾਮਲਾ ਪੁਲਿਸ ਕੋਲ ਪਹੁੰਚ ਗਿਆ | ਹੁਣ ਇਹ ਕਲਯੁਗੀ ਪੁੱਤ ਹੁਣ ਸਲਾਖਾਂ ਪਿੱਛੇ ਪਹੁੰਚ ਚੁੱਕਾ ਹੈ |