ਜਬਲਪੁਰ 7 ਸਤੰਬਰ 2024: ਸ਼ਨੀਵਾਰ ਸਵੇਰੇ ਜਬਲਪੁਰ ਰੇਲਵੇ ਸਟੇਸ਼ਨ ਨੇੜੇ ਇੰਦੌਰ ਤੋਂ ਜਬਲਪੁਰ ਆ ਰਹੀ ਓਵਰਨਾਈਟ ਐਕਸਪ੍ਰੈਸ (22191) ਦੇ ਦੋ ਡੱਬੇ ਪਟੜੀ ਤੋਂ ਹੇਠਾਂ ਉਤਰ ਗਏ। ਇਨ੍ਹਾਂ ਵਿੱਚ ਇੱਕ ਪਾਰਸਲ ਅਤੇ ਇੱਕ ਏਸੀ ਕੋਚ ਸ਼ਾਮਲ ਹੈ। ਘਟਨਾ ‘ਚ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਟਰੇਨ ਇੰਦੌਰ ਤੋਂ ਜਬਲਪੁਰ ਵੱਲ ਆ ਰਹੀ ਸੀ ਅਤੇ ਪਲੇਟਫਾਰਮ ਨੰਬਰ-6 ਵੱਲ ਜਾ ਰਹੀ ਸੀ। ਰੇਲਵੇ ਅਧਿਕਾਰੀਆਂ ਮੁਤਾਬਕ ਟਰੇਨ ਧੀਮੀ ਰਫਤਾਰ ਨਾਲ ਚੱਲ ਰਹੀ ਸੀ, ਜਿਸ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਜਾਂ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਉਨ੍ਹਾਂ ਦੀ ਮੰਜ਼ਿਲ ‘ਤੇ ਭੇਜ ਦਿੱਤਾ ਗਿਆ ਹੈ।
ਪੱਛਮੀ ਮੱਧ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ (ਸੀਪੀਆਰਓ) ਹਰਸ਼ਿਤ ਸ਼੍ਰੀਵਾਸਤਵ ਨੇ ਦੱਸਿਆ ਕਿ ਘਟਨਾ ਦੇ ਤੁਰੰਤ ਬਾਅਦ ਰੇਲਵੇ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਇਹ ਵੀ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ।