Chaupal

ਸ਼ਿਮਲਾ ਜ਼ਿਲ੍ਹੇ ਦੇ ਚੌਪਾਲ ਬੀਤੀ ਰਾਤ ਵਾਪਰਿਆ ਹਾਦਸਾ, 100 ਫੁੱਟ ਡੂੰਘੀ ਖੱਡ ‘ਚ ਡਿੱਗੀ ਬੱਸ

ਚੰਡੀਗੜ੍ਹ, 25 ਮਈ 2024: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਚੌਪਾਲ (Chaupal) ਵਿੱਚ ਬੀਤੀ ਰਾਤ ਇੱਕ ਨਿੱਜੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਬੱਸ ਡਰਾਈਵਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 30 ਸਾਲਾ ਕਪਿਲ ਪੁੱਤਰ ਲੋਕ ਬਹਾਦਰ ਵਾਸੀ ਥਾਨੋਗ ਰਾਜਗੜ੍ਹ ਸਿਰਮੌਰ ਵਜੋਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਮੁਤਾਬਕ ਇਹ ਹਾਦਸਾ ਸ਼ੁੱਕਰਵਾਰ ਦੇਰ ਰਾਤ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਈ ਨਿੱਜੀ ਬੱਸ ਨੰਬਰ HP 64C/8197 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਲਈ ਚੌਪਾਲ (Chaupal) ਇਲਾਕੇ ਤੋਂ ਲੋਕਾਂ ਨੂੰ ਲੈ ਕੇ ਕੱਲ੍ਹ ਨਾਹਨ ਗਈ ਸੀ।

ਦੁਪਹਿਰ ਬਾਅਦ ਰੈਲੀ ਵਿੱਚ ਗਏ ਲੋਕਾਂ ਨੂੰ ਵਾਪਸ ਛੱਡ ਕੇ ਆ ਰਹੀ ਸੀ ਅਤੇ ਇਸ ਤੋਂ ਬਾਅਦ ਬੱਸ ਦਾ ਡਰਾਈਵਰ ਅਤੇ ਕੰਡਕਟਰ ਘਰ ਪਰਤ ਰਹੇ ਸਨ ਤਾਂ ਪੁਲਵਾਹਾਲ ਦੇ ਧਾਰਟੁਖਾੜੀ ਕੋਲ ਉਨ੍ਹਾਂ ਦੀ ਬੱਸ ਬੇਕਾਬੂ ਹੋ ਕੇ ਕਰੀਬ 100 ਫੁੱਟ ਡੂੰਘੀ ਖੱਡ ‘ਚ ਜਾ ਡਿੱਗੀ।

ਹਾਦਸੇ ਦੇ ਸਮੇਂ ਬੱਸ ਵਿੱਚ ਦੋ ਵਿਅਕਤੀ ਡਰਾਈਵਰ ਅਤੇ ਕੰਡਕਟਰ ਹੀ ਸਨ, ਕੰਡਕਟਰ ਮਹੇਸ਼ ਕੁਮਾਰ ਦੇ ਸੱਟਾਂ ਲੱਗੀਆਂ ਹਨ। ਉਸ ਦਾ ਸੋਲਨ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਚੌਪਾਲ ਪ੍ਰਸ਼ਾਸਨ ਨੇ ਮ੍ਰਿਤਕ ਦੇ ਪਰਿਵਾਰ ਨੂੰ 25 ਹਜ਼ਾਰ ਰੁਪਏ ਦੀ ਤੁਰੰਤ ਰਾਹਤ ਦਿੱਤੀ ਹੈ।

Scroll to Top