ਭਰਤਪ੍ਰੀਤ ਸਿੰਘ

ਬਟਾਲਾ ਦੇ 18 ਸਾਲਾ ਨੌਜਵਾਨ ਨੇ ਦੱਖਣੀ ਕੋਰੀਆ ‘ਚ ਹੋਈ ਅਥਲੈਟਿਕਸ ਚੈਂਪੀਅਨਸ਼ਿਪ ‘ਚ ਜਿੱਤਿਆ ਗੋਲਡ ਮੈਡਲ

ਬਟਾਲਾ 07 ਜੂਨ 2023: ਯੇਚਿਓਨ (ਦੱਖਣੀ ਕੋਰੀਆ) ਵਿਖੇ ਸ਼ੁਰੂ ਹੋਈ ਅੰਡਰ-20 ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਹੀ ਬਟਾਲਾ(ਪੰਜਾਬ) ਦੇ 18 ਸਾਲਾ ਅਥਲੀਟ ਭਰਤਪ੍ਰੀਤ ਸਿੰਘ ਨੇ ਡਿਸਕਸ ਥਰੋਅ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਦੇ ਹੋਏ ਭਾਰਤ, ਪੰਜਾਬ ਤੇ ਪੰਜਾਬੀਅਤ ਦਾ ਨਾਂ ਰੋਸ਼ਨ ਕੀਤਾ ਹੈ |

ਭਰਤਪ੍ਰੀਤ ਸਿੰਘ ਪੀਆਈਐਸ ਸੈਂਟਰ ਦਾ ਖਿਡਾਰੀ ਹੈ, ਜਿਸ ਨੇ 55.66 ਮੀਟਰ ਥਰੋਅ ਵਿੱਚ ਇਹ ਪ੍ਰਾਪਤੀ ਹਾਸਲ ਕੀਤੀ।ਪਿੱਛੇ ਵਿਧਵਾ ਮਾਂ ਕੋਲੋ ਖੁਸ਼ੀਆਂ ਸੰਭਾਲੀ ਨਹੀਂ ਜਾ ਰਹੀਆਂ ਹੈ ਤੇ ਬਟਾਲਾ ਦੇ ਪੁਲਿਸ ਸਾਂਝ ਕੇਂਦਰ ਵਿਖੇ ਡੇਲੀ ਬੇਸ ਤੇ ਨੌਕਰੀ ਕਰਨ ਵਾਲੀ ਇਹ ਵਿਧਵਾ ਮਾਂ ਸਟਾਫ ਵਿੱਚ ਮਠਿਆਈ ਵੰਡਦੀ ਥੱਕ ਨਹੀਂ ਰਹੀ ਕਹਿੰਦੀ ਜਦੋ ਬੇਟਾ ਵਾਪਸ ਆਵੇਗਾ ਤਾਂ ਜੀਅ ਭਰ ਕੇ ਖੁਸ਼ੀਆਂ ਮਨਾਏਗੀ |


ਗੋਲਡ ਮੈਡਲ ਜੇਤੂ ਭਰਤਪ੍ਰੀਤ ਸਿੰਘ ਦੀ ਮਾਤਾ ਰਜਨੀ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ਦੇ ਬਟਾਲਾ ਵਿਖੇ ਸਾਂਝ ਕੇਂਦਰ ਵਿੱਚ 287 ਰੁਪਏ ਦਿਹਾੜੀ ਤੇ ਡੇਲੀ ਬੇਸ ਤੇ ਕੰਮ ਕਰਦੀ ਹੈ ਜਦਕਿ ਉਸਦੇ ਪਤੀ ਵੀ ਪੰਜਾਬ ਪੁਲਿਸ ਵਿਚ ਹੈਡ ਕਾਂਸਟੇਬਲ ਸਨ, ਉਹਨਾਂ ਦੀ ਬਿਮਾਰੀ ਦੇ ਕਾਰਨ ਮੋਤ ਹੋ ਗਈ ਸੀ ਪਰ ਉਸਨੂੰ ਆਪਣੇ ਪਤੀ ਦੀ ਜਗ੍ਹਾ ਤੇ ਅਜੇ ਤੱਕ ਪੱਕੀ ਨੌਕਰੀ ਨਹੀਂ ਮਿਲੀ | ਵਿਭਾਗ ਦੇ ਕਈ ਅਧਿਕਾਰੀਆਂ ਸਮੇਤ ਪਿਛਲੀਆਂ ਸਰਕਾਰਾਂ ਦੇ ਨੁਮਾਇੰਦਿਆਂ ਤੱਕ ਚੱਕਰ ਲਗਾਏ ਪਰ ਕੀਤੇ ਕੋਈ ਸੁਣਵਾਈ ਨਹੀਂ ਹੋਈ |

ਉਨ੍ਹਾਂ ਕਿਹਾ ਮੇਰੇ ਪਤੀ ਦੀ ਮੌਤ ਤੋਂ ਬਾਅਦ ਮੇਰੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਤੇ ਇਹਨਾਂ ਮੁਸ਼ਕਿਲਾਂ ‘ਚ ਮੈਂ ਆਪਣੇ ਬੱਚੇ ਬਹੁਤ ਮੁਸ਼ਕਿਲ ਨਾਲ ਪਾਲੇ ਤੇ ਅੱਜ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ | ਮੇਰੇ ਬੱਚੇ ਦਾ ਸੁਪਨਾ ਹੈ ਕੇ ਉਹ ਮਿਹਨਤ ਕਰਕੇ ਆਪਣੇ ਪਿਤਾ ਦੀ ਨੋਕਰੀ ਨੂੰ ਹਾਸਲ ਕਰਨਾ ਚਾਹੰਦੇ ਹਨ, ਮੇਰੇ ਦੋਵੇਂ ਬੱਚੇ ਆਈ.ਪੀ.ਐੱਸ ਅਫਸਰ ਬਣਨਾ ਚਾਹੰਦੇ ਹਨ ਉਹਨਾਂ ਦੱਸਿਆ ਕਿ ਭਰਤਪ੍ਰੀਤ ਸਿੰਘ ਦੱਖਣੀ ਕੋਰੀਆ ਤੋਂ 10 ਜੂਨ ਨੂੰ ਵਾਪਸ ਪੰਜਾਬ ਪਰਤੇਗਾ ਤੇ ਉਸ ਵੇਲੇ ਹੋਰ ਜ਼ਿਆਦਾ ਖੁਸ਼ੀਆਂ ਮਨਾਏਗੀ |

ਬਟਾਲਾ ਸਾਂਝ ਕੇਂਦਰ ਦੇ ਇੰਚਾਰਜ ਅਤੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਰਜਿੰਦਰਪਾਲ ਸਿੰਘ ਨੇ ਕਿਹਾ ਕਿ ਭਰਤਪ੍ਰੀਤ ਸਿੰਘ ਬਹੁਤ ਮਿਹਨਤੀ ਬੱਚਾ ਹੈ ਅਤੇ ਉਸਦੇ ਸੁਪਨੇ ਵੀ ਵੱਡੇ ਹਨ ਉਸਦੀ ਮਾਂ ਰਜਨੀ ਨੇ ਬਹੁਤ ਮਿਹਨਤ ਨਾਲ ਆਪਣੇ ਬੱਚੇ ਪਾਲੇ ਹਨ ਅਤੇ ਹੁਣ ਸਾਨੂੰ ਬਹੁਤ ਖੁਸ਼ੀ ਹੈ ਕੇ ਭਰਤਪ੍ਰੀਤ ਸਿੰਘ ਹੌਲੀ ਹੌਲੀ ਮਿਹਨਤ ਨਾਲ ਸਫਲਤਾ ਦੀਆਂ ਪੌੜੀਆਂ ਚੜ੍ਹ ਰਿਹਾ ਹੈ |

Scroll to Top