July 7, 2024 9:38 am
Mohali RPG attack

ਮੋਹਾਲੀ ਆਰ.ਪੀ.ਜੀ. ਹਮਲੇ ਦੇ 11ਵੇਂ ਦੋਸ਼ੀ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫਤਾਰ

ਚੰਡੀਗੜ/ਐਸਏਐਸ ਨਗਰ, 17 ਫਰਵਰੀ 2023: ਪੰਜਾਬ ਪੁਲਿਸ ਵੱਲੋਂ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰ.ਪੀ.ਜੀ.) ਹਮਲੇ (Mohali RPG attack) ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਗੁਰਪਿੰਦਰ ਉਰਫ ਪਿੰਦੂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਜੰਗ ਨੂੰ ਵੱਡੀ ਸਫਲਤਾ ਮਿਲੀ ਹੈ।

ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ. ) ਪੰਜਾਬ ਗੌਰਵ ਯਾਦਵ ਨੇ ਸ਼ੁੁੱਕਰਵਾਰ ਨੂੰ ਇੱਥੇ ਦਿੱਤੀ। ਦੱਸਣਯੋਗ ਹੈ ਕਿ 9 ਮਈ, 2022 ਨੂੰ ਮੋਹਾਲੀ ਵਿਖੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਲਗਭਗ 19:45 ਵਜੇ ਇੱਕ ਆਰ.ਪੀ.ਜੀ. ਹਮਲਾ ਹੋਇਆ ਸੀ। ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਪਿੰਦੂ, ਜੋ ਕਿ ਖੇਮਕਰਨ ਦੇ ਪਿੰਡ ਭੂਰਾ ਕੋਨਾ ਦਾ ਵਾਸੀ ਹੈ, ਕੈਨੇਡਾ ਸਥਿਤ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਦਾ ਨਜ਼ਦੀਕੀ ਸਾਥੀ ਦੱਸਿਆ ਜਾਂਦਾ ਹੈ ਅਤੇ ਉਕਤ ਹਮਲੇ ਦੌਰਾਨ ਮੁਲਜ਼ਮ ਨਿਸ਼ਾਨ ਸਿੰਘ ਅਤੇ ਚੜਤ ਸਿੰਘ ਦੇ ਲਗਾਤਾਰ ਸੰਪਰਕ ਵਿੱਚ ਸੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ 25 ਅਪ੍ਰੈਲ 2022 ਨੂੰ ਮੁਲਜਮ ਚੜਤ ਸਿੰਘ, ਨਿਸ਼ਾਨ ਸਿੰਘ ਅਤੇ ਬਲਜਿੰਦਰ ਰੈਂਬੋ ਆਰਪੀਜੀ ਅਤੇ ਅਸਾਲਟ ਰਾਈਫਲ ਦੀ ਖੇਪ ਤਰਨਤਾਰਨ ਤੋਂ ਅੰਮ੍ਰਿਤਸਰ ਲੈ ਕੇ ਆਏ ਸਨ ਅਤੇ ਇਸ ਖੇਪ ਨੂੰ ਅੰਮ੍ਰਿਤਸਰ ਦੇ ਅਲਫਾ ਮਾਲ ਨੇੜੇ ਪਿੰਦੂ ਦੇ ਘਰ ਰੱਖਿਆ ਸੀ। ਉਨਾਂ ਅੱਗੇ ਕਿਹਾ ਕਿ ਦੋਸ਼ੀ ਨੇ ਉਸੇ ਰਾਤ ਦੋਨਾਂ ਸ਼ੂਟਰਾਂ- ਦੀਪਕ ਅਤੇ ਇੱਕ ਨਾਬਾਲਗ ਨੂੰ ਆਪਣੇ ਘਰ ਵਿੱਚ ਪਨਾਹ ਵੀ ਦਿੱਤੀ ਸੀ।

ਜ਼ਿਕਰਯੋਗ ਹੈ ਕਿ ਮੁਲਜਮ ਗੁਰਪਿੰਦਰ ਪਿੰਦੂ ਦੀ ਗ੍ਰਿਫਤਾਰੀ ਨਾਲ ਪੰਜਾਬ ਪੁਲੀਸ ਇਸ ਮਾਮਲੇ (Mohali RPG attack) ਵਿੱਚ ਹੁਣ ਤੱਕ ਨੌਂ ਮੁਲਜਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ, ਜਦੋਂ ਕਿ ਇੱਕ ਹੋਰ ਮੁਲਜਮ ਜੋ ਨਾਬਾਲਗ ਹੈ ਅਤੇ ਹਮਲਾ ਕਰਨ ਵਿੱਚ ਸ਼ਾਮਲ ਸੀ, ਨੂੰ ਦਿੱਲੀ ਪੁਲੀਸ ਨੇ ਗ੍ਰਿਫਤਾਰ ਕੀਤਾ ਸੀ ਅਤੇ ਇੱਕ ਹੋਰ ਮੁਲਜਮ ਦੀ ਪਛਾਣ ਦੀਪਕ ਕੁਮਾਰ ਵਜੋਂ ਹੋਈ ਹੈ, ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਹਾਲ ਹੀ ‘ਚ ਗਿ੍ਰਫਤਾਰ ਕੀਤਾ ਹੈ, ਜਿਸ ਨਾਲ ਗ੍ਰਿਫਤਾਰੀਆਂ ਦੀ ਕੁੱਲ ਗਿਣਤੀ 11 ਹੋ ਗਈ ਹੈ।

ਇਸ ਤੋਂ ਪਹਿਲਾਂ ਚੜਤ ਸਿੰਘ, ਨਿਸ਼ਾਨ ਸਿੰਘ, ਜਗਦੀਪ ਸਿੰਘ, ਬਲਜਿੰਦਰ ਸਿੰਘ ਰੈਂਬੋ, ਕੰਵਰਜੀਤ ਸਿੰਘ ਬਾਠ, ਅਨੰਤਦੀਪ ਸਿੰਘ ਸੋਨੂੰ, ਬਲਜੀਤ ਕੌਰ ਸੁੱਖੀ, ਲਵਪ੍ਰੀਤ ਸਿੰਘ ਵਿੱਕੀ ਨੂੰ ਪੰਜਾਬ ਪੁਲੀਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਸੂਬੇ ਨੂੰ ਅਪਰਾਧ ਮੁਕਤ ਬਣਾਉਣ ਲਈ ਯਤਨਸ਼ੀਲ ਹੈ।