ਤਲਵੰਡੀ ਸਾਬੋ 21 ਜਨਵਰੀ 2023 : ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਹਿਯੋਗ ਨਾਲ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਕਰਵਾਈ ਗਈ ਦੋ ਰੋਜਾ 10ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿੱਪ (ਲੜਕੀਆਂ) ਅੱਜ ਸਫ਼ਲਤਾਪੂਰਵਕ ਸਮਾਪਤ ਹੋ ਗਈ। ਸਮਾਪਤੀ ਸਮਾਗਮ ਮੌਕੇ ਗੁਰਚਰਨ ਸਿੰਘ ਗਰੇਵਾਲ, ਜਨਰਲ ਸਕੱਤਰ ਸ਼੍ਰੋਮਣੀ ਕਮੇਟੀ, ਹਰਜੀਤ ਸਿੰਘ ਗਰੇਵਾਲ, ਪ੍ਰਧਾਨ ਨੈਸ਼ਨਲ ਗੱਤਕਾ ਐਸੋਸੀਏਸ਼ਨ, ਸੁਖਵਰਸ਼ ਸਿੰਘ ਪੰਨੂੰ, ਮੈਂਬਰ ਧਰਮ ਪ੍ਰਚਾਰ ਕਮੇਟੀ, ਬਿਧੀ ਸਿੰਘ ਬਠਿੰਡਾ ਤੇ ਬੂਟਾ ਸਿੰਘ ਡੀ.ਐੱਸ.ਪੀ. ਤਲਵੰਡੀ ਸਾਬੋ ਵਿਸ਼ੇਸ਼ ਤੌਰ ਤੇ ਪਹੁੰਚੇ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਆਪਣੇ ਸੰਬੋਧਨ ਦੌਰਾਨ ਸਿੱਖ ਇਤਿਹਾਸ ਵਿੱਚੋਂ ਔਰਤਾਂ ਨੂੰ ਬਰਾਬਰੀ ਦਾ ਦਰਜਾ ਦੇਣ ਅਤੇ ਇਤਿਹਾਸ ਵਿੱਚ ਸਿੱਖ ਬੀਬੀਆਂ ਵੱਲੋਂ ਦਿਖਾਈ ਬਹਾਦਰੀ ਦੇ ਕਾਰਨਾਮਿਆਂ ਦਾ ਜ਼ਿਕਰ ਕੀਤਾ। ਉਹਨਾਂ ਨੇ ਸਮੂਹ ਗੱਤਕਾ ਖਿਡਾਰਨਾ ਨੂੰ ਆਖਿਆ ਕਿ ਉਹ ਇਸ ਖੇਡ ਰਾਹੀਂ ਸਵੈ-ਰੱਖਿਆ ਵਿੱਚ ਪ੍ਰਬੀਨ ਹੋਣ ਅਤੇ ਹੋਰਨਾਂ ਬੱਚੀਆਂ ਨੂੰ ਵੀ ਇਸ ਖੇਡ ਨਾਲ ਜੋੜਨ ਲਈ ਪ੍ਰੇਰਿਤ ਕਰਨ। ਸ. ਗਰੇਵਾਲ ਨੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੱਤਕੇ ਦੇ ਦੇਸ਼ ਵਿਆਪੀ ਪ੍ਰਚਾਰ ਅਤੇ ਪ੍ਰਸਾਰ ਲਈ ਸ਼੍ਰੋਮਣੀ ਕਮੇਟੀ ਉਨ੍ਹਾਂ ਨੂੰ ਹਰ ਸਹਿਯੋਗ ਦੇਣ ਲਈ ਤਿਆਰ ਹੈ। ਉਹਨਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ਼ਰਧਾ ਨੂੰ ਪ੍ਰਫੁੱਲਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਸੁਖਵਰਸ਼ ਸਿੰਘ ਪੰਨੂੰ ਨੇ ਸੰਬੋਧਨ ਕਰਦਿਆਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਸਮੇਂ-ਸਮੇਂ ਉਤੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਉਪਰਾਲਿਆਂ ਤਹਿਤ ਗੱਤਕਾ ਸਿਖਲਾਈ ਲਈ ਵੀ ਸ੍ਰੋਮਣੀ ਕਮੇਟੀ ਵਲੋਂ ਸਕੂਲਾਂ/ਕਾਲਜਾਂ ਵਿਚ ਵਿਸ਼ੇਸ਼ ਗੱਤਕਾ ਵਿੰਗ ਬਣਾਏ ਗਏ ਹਨ। ਕਾਲਜ ਪ੍ਰਿੰਸੀਪਲ ਡਾ. ਕਮਲਪ੍ਰੀਤ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉਹਨਾਂ ਪੰਜਾਬ ਤੋਂ ਬਾਹਰਲੇ ਸੂਬਿਆਂ ਰਾਜਸਥਾਨ, ਝਾਰਖੰਡ, ਬਿਹਾਰ, ਮਹਾਂਰਾਸ਼ਟਰ, ਜੰਮੂ ਕਸ਼ਮੀਰ, ਉਤਰਾਖੰਡ, ਚੰਡੀਗੜ੍ਹ, ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਹਰਿਆਣਾ ਆਦਿ ਰਾਜਾਂ ਤੋਂ ਹਿੱਸਾ ਲੈਣ ਵਾਲੀਆਂ ਤਕਰੀਬਨ 300 ਤੋਂ ਵੱਧ ਗੱਤਕਾ ਖਿਡਾਰਨਾਂ ਅਤੇ ਕੋਚਾਂ/ਮੈਨੇਜਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੀ ਲੋਕਲ ਮੈਂਨੇਜਮੈਂਟ ਕਮੇਟੀ ਮੈਂਬਰ, ਐਸ.ਜੀ.ਪੀ.ਸੀ ਦੇ ਮੈਂਬਰ ਸੁਰਜੀਤ ਸਿੰਘ ਰਾਇਪੁਰ, ਖੁਸ਼ਵਿੰਦਰ ਸਿੰਘ ਭਾਟੀਆ, ਜਗਸੀਰ ਸਿੰਘ ਮਾਂਗੇਆਣਾਂ, ਜਸਵੰਤ ਸਿੰਘ ਗੋਗਾ, ਸੁਖਚੈਨ ਸਿੰਘ ਕਲਸਾਣੀ, ਬਲਜੀਤ ਸਿੰਘ ਸੈਣੀ ਵਿਸ਼ੇਸ਼ ਤੌਰ ਉਤੇ ਸ਼ਾਮਲ ਹੋਏ।
ਇਹਨਾਂ ਮੁਕਾਬਲਿਆਂ ਦੇ ਓਵਰਆਲ ਨਤੀਜਿਆਂ ਅਨੁਸਾਰ ਪੰਜਾਬ ਦੀਆਂ ਲੜਕੀਆਂ ਨੇ ਪਹਿਲਾ ਸਥਾਨ, ਹਰਿਆਣਾ ਨੇ ਦੂਸਰਾ ਅਤੇ ਚੰਡੀਗੜ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਵੱਖ ਵੱਖ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਖਿਡਾਰਨਾਂ ਨੂੰ ਮੈਡਲ ਅਤੇ ਸਨਮਾਨ੍ਹ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ ਕਮਲਪ੍ਰੀਤ ਕੌਰ ਨੇ ਸਮੁੱਚੇ ਪ੍ਰਬੰਧਾਂ ਲਈ ਰਣਜੀਤ ਸਿੰਘ ਮੈਨੇਜਰ ਤਖ਼ਤ ਸ੍ਰੀ ਦਮਦਮਾ ਸਾਹਿਬ , ਭੋਲਾ ਸਿੰਘ ਧਰਮ ਪ੍ਰਚਾਰ ਕਮੇਟੀ, ਗੁਰਪ੍ਰੀਤ ਸਿੰਘ ਜੱਜਲ, ਸਹਾਇਕ ਗੱਤਕਾ ਇੰਚਾਰਜ਼, ਹਰਜਿੰਦਰ ਸਿੰਘ ਗੱਤਕਾ ਕੋਚ ਅਤੇ ਕਾਲਜ ਦੇ ਸਮੁੱਚੇ ਸਟਾਫ਼ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ |