ਮਾਨ ਸਰਕਾਰ ਦੀ ਇਤਿਹਾਸਕ ਪਹਿਲਕਦਮੀ ਸਦਕਾ 40 ਸਾਲਾਂ ਬਾਅਦ ਪੰਜਾਬ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ

ਚੰਡੀਗੜ੍ਹ, 1 ਮਈ, 2025: ਮੁੱਖ ਮੰਤਰੀ ਭਗਵੰਤ ਸਿੰਘ ਮਾਨ (bhagwant singh maan) ਦੀ ਅਗਵਾਈ ਵਾਲੀ ਸਰਕਾਰ ਦੀ ਇਤਿਹਾਸਕ ਪਹਿਲਕਦਮੀ ਸਦਕਾ, ਸੂਬੇ ਦੇ ਕੰਢੀ ਖੇਤਰ ਦੇ ਹਜ਼ਾਰਾਂ ਕਿਸਾਨਾਂ ਨੂੰ ਲਗਭਗ ਚਾਰ ਦਹਾਕਿਆਂ ਦੀ ਲੰਬੀ ਉਡੀਕ ਤੋਂ ਬਾਅਦ ਸਿੰਚਾਈ ਲਈ ਨਹਿਰੀ ਪਾਣੀ ਮਿਲਿਆ ਹੈ, ਜੋ ਕਿ ਪੰਜਾਬ ਦੇ ਖੇਤੀਬਾੜੀ ਖੇਤਰ ਲਈ ਇੱਕ ਵੱਡੀ ਪ੍ਰਾਪਤੀ ਹੈ।

ਸਿੰਚਾਈ ਨਾਲ ਸਬੰਧਤ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਚੁਣੌਤੀਆਂ ਅਤੇ ਪੰਜਾਬ ਦੇ ਖੇਤੀਬਾੜੀ ਬੁਨਿਆਦੀ ਢਾਂਚੇ ਨੂੰ ਬਹਾਲ ਕਰਨ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਮਾਨ ਸਰਕਾਰ ਨੇ 2022 ਤੋਂ 2025 ਤੱਕ ਨਹਿਰੀ ਪਾਣੀ ਦੀ ਵੰਡ ਲਈ ਸਿੰਚਾਈ ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ ਪਿਛਲੀ ਕਾਂਗਰਸ ਸਰਕਾਰ ਦੁਆਰਾ 2019 ਤੋਂ 2022 ਤੱਕ ਖਰਚ ਕੀਤੇ ਗਏ ਲਗਭਗ 2046 ਕਰੋੜ ਰੁਪਏ ਦੀ ਰਕਮ ਨਾਲੋਂ ਲਗਭਗ 2.5 ਗੁਣਾ ਜ਼ਿਆਦਾ ਫੰਡ ਯਾਨੀ 4557 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਹਨ, ਜਿਸਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ।

ਇਸ ਸਬੰਧੀ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ (barinder kumar goyal) ਨੇ ਕਿਹਾ ਕਿ ‘ਆਪ’ ਸਰਕਾਰ ਦੀਆਂ ਪਹਿਲਕਦਮੀਆਂ ਸਦਕਾ ਕਈ ਇਲਾਕਿਆਂ ਦੇ ਕਿਸਾਨਾਂ ਨੂੰ ਲਗਭਗ 40 ਸਾਲਾਂ ਬਾਅਦ ਨਹਿਰੀ ਪਾਣੀ ਮਿਲਿਆ ਹੈ, ਜਦੋਂ ਕਿ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਕਿਸਾਨਾਂ ਨੇ ਇਸ ਦੀ ਉਮੀਦ ਛੱਡ ਦਿੱਤੀ ਸੀ।

ਉਨ੍ਹਾਂ ਕਿਹਾ ਕਿ ਕੰਢੀ ਖੇਤਰ ਵਿੱਚ ਨਹਿਰੀ ਪਾਣੀ ਦੀ ਘਾਟ ਦੂਰ ਹੋ ਗਈ ਹੈ। ਭਾਵੇਂ ਕਿ ਮੁਕੇਰੀਆਂ ਹਾਈਡ੍ਰੌਲਿਕ ਚੈਨਲ ਤੋਂ ਨਿਕਲਣ ਵਾਲੀ ਅਤੇ 129.035 ਕਿਲੋਮੀਟਰ ਲੰਬਾਈ ਵਾਲੀ 463 ਕਿਊਸਿਕ ਸਮਰੱਥਾ ਵਾਲੀ ਕੰਢੀ ਨਹਿਰ (ਤਲਵਾੜਾ ਤੋਂ ਬਲਾਚੌਰ) ਦਾ ਨਿਰਮਾਣ ਸਾਲ 1998 ਵਿੱਚ ਪੂਰਾ ਹੋ ਗਿਆ ਸੀ ਅਤੇ ਇਸੇ ਤਰ੍ਹਾਂ ਕੰਢੀ ਨਹਿਰ ਪੜਾਅ-2 ਅਧੀਨ ਮੁੱਖ ਨਹਿਰ (ਹੁਸ਼ਿਆਰਪੁਰ ਤੋਂ ਬਲਾਚੌਰ) ਦਾ ਨਿਰਮਾਣ ਸਾਲ 2016 ਵਿੱਚ ਪੂਰਾ ਹੋ ਗਿਆ ਸੀ, ਪਰ ਇਨ੍ਹਾਂ ਨਹਿਰਾਂ ਦੀ ਮਾੜੀ ਹਾਲਤ ਕਾਰਨ ਅਕਸਰ ਇਨ੍ਹਾਂ ਵਿੱਚ ਲੀਕੇਜ/ਰਿਪੇਜ ਦੀ ਸਮੱਸਿਆ ਰਹਿੰਦੀ ਸੀ ਅਤੇ ਇਹ ਨਹਿਰਾਂ ਆਪਣੀ ਪੂਰੀ ਸਮਰੱਥਾ ਅਨੁਸਾਰ ਪਾਣੀ ਨਹੀਂ ਪਹੁੰਚਾ ਰਹੀਆਂ ਸਨ।

ਉਨ੍ਹਾਂ ਕਿਹਾ ਕਿ ਮਾਨ ਸਰਕਾਰ (maan sarkar) ਵੱਲੋਂ ਕੰਢੀ ਨਹਿਰ ਪ੍ਰੋਜੈਕਟ ਨੂੰ ਗੰਭੀਰਤਾ ਨਾਲ ਲਿਆ ਗਿਆ ਸੀ ਅਤੇ ਪਾਣੀ ਨੂੰ ਤਲੂਸ ਵੱਲ ਮੋੜਨ ਲਈ ਲਗਭਗ 238.90 ਕਰੋੜ ਰੁਪਏ ਦੀ ਲਾਗਤ ਨਾਲ ਕੰਢੀ ਨਹਿਰ ਦੇ ਨੈੱਟਵਰਕ ਦੀ ਕੰਕਰੀਟ ਲਾਈਨਿੰਗ ਅਤੇ ਵਿਕਾਸ ਕੀਤਾ ਗਿਆ ਸੀ। ਹੁਣ ਕੰਢੀ ਨਹਿਰ ਦਾ ਪਾਣੀ ਤਲਵਾੜਾ ਤੋਂ ਬਲਾਚੌਰ ਵੱਲ ਵਗ ਰਿਹਾ ਹੈ, ਜੋ ਕਿ ਲਗਭਗ 40 ਸਾਲਾਂ ਬਾਅਦ ਟੇਲੋਂ ਤੱਕ ਪਹੁੰਚਿਆ ਹੈ। ਦੋ ਜ਼ਿਲ੍ਹਿਆਂ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਕੁੱਲ 433 ਪਿੰਡਾਂ ਨੂੰ ਇਸ ਦਾ ਲਾਭ ਮਿਲਿਆ ਹੈ, ਜਿਸ ਕਾਰਨ ਦਸੂਹਾ, ਮੁਕੇਰੀਆਂ, ਟਾਂਡਾ-ਉਦਮੁਦ, ਸ਼ਾਮ ਚੌਰਾਸੀ, ਹੁਸ਼ਿਆਰਪੁਰ, ਚੱਬੇਵਾਲ, ਗੜ੍ਹਸ਼ੰਕਰ ਅਤੇ ਬਲਾਚੌਰ ਵਿੱਚ 1.25 ਲੱਖ ਏਕੜ ਜ਼ਮੀਨ ਨੂੰ ਪਾਣੀ ਮਿਲ ਰਿਹਾ ਹੈ।

Read More: ਹਰਿਆਣਾ ਨੂੰ ਤੁਰੰਤ ਮਿਲੇਗਾ 8500 ਕਿਊਸਿਕ ਪਾਣੀ, BBMB ਦੀ ਬੈਠਕ ‘ਚ ਫੈਸਲਾ

Scroll to Top