Thalassemia

ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਥੈਲਾਸੀਮੀਆ ਦੇ ਮਰੀਜਾਂ ਦੇ ਮੁਫ਼ਤ ਖੂਨ ਲਗਾਇਆ ਜਾਂਦਾ ਹੈ: ਡਾ. ਰਿੰਕੂ ਚਾਵਲਾ

ਫਾਜ਼ਿਲਕਾ 9 ਮਈ 2024: ਡਾ. ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜ਼ਿਲਕਾ ਦੇ ਹੁਕਮਾਂ ਅਨੁਸਾਰ ਡਾ. ਕਵਿਤਾ ਸਿੰਘ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਦੀ ਦੇਖਰੇਖ ਵਿੱਚ ਜਿਲ੍ਹਾ ਫਾਜ਼ਿਲਕਾ ਵਿੱਚ 17 ਮਈ ਤੱਕ ਥੈਲੇਸੀਮੀਆ (Thalassemia) ਜਾਗਰੂਕਤਾ ਹਫ਼ਤਾ ਚੱਲ ਰਿਹਾ ਹੈ। ਅੱਜ ਡਾ. ਰਿੰਕੂ ਚਾਵਲਾ ਦੀ ਪ੍ਰਧਾਨਗੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੋਵਾਲੀ ਵਿਖੇ ਜਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ਕੀਤਾ ਗਿਆ।

ਇਸ ਮੋਕੇ ਡਾ ਰਿੰਕੂ ਚਾਵਲਾ ਨੇ ਕਿਹਾ ਕਿ ਥੈਲਾਸੇਮੀਆ (Thalassemia) ਇਕ ਜਮਾਂਦਰੂ ਬਿਮਾਰੀ ਹੈ, ਜਿਸ ਨਾਲ ਨਵ ਜਨਮੇ ਬੱਚੇ ਵਿਚ ਖੂਨ ਬਣਨ ਦੀ ਪ੍ਰਕਿਰਿਆ ਬਹੁਤ ਘੱਟ ਹੁੰਦੀ ਹੈ, ਜਾਂ ਹੁੰਦੀ ਹੀ ਨਹੀਂ। ਜਿਸ ਕਾਰਨ ਬੱਚੇ ਨੂੰ ਹਰ 20 ਜਾਂ 30 ਦਿਨਾਂ ਬਾਅਦ ਖੂਨ ਚੜਾਉਣ ਦੀ ਲੋੜ ਪੈਂਦੀ ਹੈ।ਉਨ੍ਹਾ ਦੱਸਿਆ ਕਿ ਸਿਵਲ ਹਸਪਤਾਲ ਫਾਜਿਲਕਾ ਵਿਖੇ ਥੈਲਾਸੇਮੀਆ ਪੀੜਤ ਵਿਅਕਤੀਆਂ ਨੂੰ ਮੁਫਤ ਖੂਨ ਚੜਾਉਣ ਦੀ ਸਹੂਲਤ ਉਪਲੱਬਧ ਹੈ ਅਤੇ ਥੈਲਾਸੇਮੀਆ ਪੀੜਤ ਮਰੀਜਾਂ ਦੇ ਪੂਰੀ ਤਰ੍ਹਾਂ ਟੈਸਟ ਕੀਤਾ ਅਤੇ ਸੁਰੱਖਿਅਤ ਬਲੱਡ ਲਿਊਕੋ ਫਿਲਟਰ ਪੈੱਕ ਦਾ ਇਸਤੇਮਾਲ ਕਰਕੇ ਮੁਫਤ ਲਗਾਇਆ ਜਾਂਦਾ ਹੈ।

ਇਸ ਮੌਕੇ ਡਾ ਰਿੰਕੂ ਚਾਵਲਾ ਬੱਚਿਆਂ ਦੇ ਰੋਗਾਂ ਦੇ ਮਾਹਿਰ ਨੇ ਕਿਹਾ ਕਿ ਸਾਡੇ ਦੇਸ਼ ਵਿਚ 4 ਕਰੋੜ ਤੋਂ ਵੱਧ ਔਰਤਾਂ ਮਰਦ ਹਨ ਜੋ ਕੇ ਦੇਖਣ ਵਿੱਚ ਬਿਲਕੁਲ ਤੰਦਰੁਸਤ ਹਨ ਪਰ ਮਾਈਨਰ ਥੈਲਾਸੀਮੀਕ ਜੀਨ ਕੈਰੀਅਰ ਹੁੰਦੇ ਹਨ ਅਤੇ 10 ਤੋਂ 20 ਹਜਾਰ ਮੇਜਰ ਥੈਲਾਸੀਮੀਕ ਰੋਗੀ ਹਰ ਸਾਲ ਪੈਦਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਾਣਕਾਰੀ ਤੇ ਜਾਗਰੂਕਤਾ ਰਾਹੀਂ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।

ਨੌਜਵਾਨ ਵਰਗ ਨੂੰ ਇਸ ਬਿਮਾਰੀ ਸਬੰਧੀ ਜਾਗਰੂਕ ਹੋਣ ਦੀ ਲੋੜ ਹੈ ਕਿਉਂਕਿ ਜੇਕਰ ਅਸੀਂ ਵਿਆਹ ਤੋਂ ਪਹਿਲਾਂ ਜਨਮ ਕੁੰਡਲੀਆਂ ਮਿਲਾਉਣ ਦੀ ਥਾਂ ਆਪਣੀਆਂ ਖੂਨ ਦੀਆ ਰਿਪੋਰਟਾਂ ਨੂੰ ਮਿਲਾਈਏ ਤਾਂ ਮੇਜਰ ਥੈਲਾਸੀਮੀਕ ਜਿਹੀ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਥੈਲਾਸੀਮੀਕ ਮਾਇਨਰ ਕੋਈ ਵੀ ਹੋ ਸਕਦਾ ਹੈ। ਜਦੋਂ ਦੋ ਮਾਇਨਰ ਥੈਲੇਸੀਮੀਕ ਦਾ ਵਿਆਹ ਹੁੰਦਾ ਹੈ ਤਾਂ ਉਹਨਾਂ ਦਾ ਪੈਦਾ ਹੋਣ ਵਾਲਾ ਬੱਚਾ ਮੇਜਰ ਥੈਲੇਸੀਮੀਕ ਹੋ ਸਕਦਾ ਹੈ। ਇਸ ਲਈ ਸੁਚੇਤ ਰਹਿਣਾ ਬਹੁਤ ਜਰੂਰੀ ਹੈ।

ਇਸ ਮੌਕੇ ਡਾ. ਸੁਖਮਨੀ ਬੀ.ਟੀ.ਓ. ਨੇ ਕਿਹਾ ਕਿ ਥੈਲਾਸੀਮੀਆ ਬੱਚਿਆ ਨੂੰ ਆਪਣੇ ਮਾਤਾ ਪਿਤਾ ਤੋਂ ਪੀੜੀ ਦਰ ਪੀੜੀ ਚੱਲਣ ਵਾਲਾ ਰੋਗ ਹੈ। ਇਸ ਬਿਮਾਰੀ ਤੋਂ ਪੀੜਤ ਬੱਚਿਆਂ ਵਿਚ ਖੂਨ ਬਣਨ ਦੀ ਕੁਦਰਤੀ ਪ੍ਰਕ੍ਰਿਆ ਬਹੁਤ ਘੱਟ ਜਾਂਦੀ ਹੈ, ਸਰੀਰ ਵਿਚ ਖੂਨ ਦੀ ਕਮੀ ਕਾਰਨ ਕਮਜੋਰੀ ਅਤੇ ਹੋਰ ਬਿਮਾਰੀਆ ਲੱਗਣ ਦਾ ਖਤਰਾ ਵੱਧ ਜਾਂਦਾ ਹੈ ਤੇ ਰੋਗੀ ਨੂੰ ਵਾਰ ਵਾਰ ਖੂਨ ਚੜਾਉਣ ਦੀ ਜਰੂਰਤ ਪੈਂਦੀ ਹੈ ।ਇਸ ਲਈ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ । ਜਿਸ ਲਈ ਜਾਗਰੂਕਤਾ ਦੀ ਲੋੜ ਹੈ।

ਇਸ ਮੋਕੇ ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ ਅਫ਼ਸਰ, ਦਿਵੇਸ਼ ਕੁਮਾਰ ਅਤੇ ਹਰਮੀਤ ਸਿੰਘ ਮਾਸ ਮੀਡੀਆ ਬ੍ਰਾਂਚ, ਬਰੋਡਰਿਕ ਜੇਮਸ , ਰਾਜ ਸਿੰਘ ਪ੍ਰਿੰਸੀਪਲ,ਮਨੋਜ ਸ਼ਰਮਾ ਅਧਿਆਪਿਕ ਬੰਟੀ ਬੈਨੀਵਾਲ ਅਤੇ ਬੱਚੇ ਹਾਜ਼ਰ ਸਨ।

Scroll to Top