ਮਹਾਰਾਸ਼ਟਰ, 24 ਦਸੰਬਰ 2025: ਠਾਕਰੇ ਭਰਾਵਾਂ ਨੇ ਇੱਕ ਵੱਡੇ ਫੈਸਲੇ ਨਾਲ ਮਹਾਰਾਸ਼ਟਰ ਦੀ ਰਾਜਨੀਤੀ ‘ਚ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਊਧਵ ਠਾਕਰੇ ਅਤੇ ਰਾਜ ਠਾਕਰੇ ਇਕੱਠੇ ਬ੍ਰਿਹਨਮੁੰਬਈ ਨਗਰ ਨਿਗਮ ਚੋਣਾਂ (BMC) ਲੜਨਗੇ। ਸ਼ਿਵ ਸੈਨਾ (ਯੂਬੀਟੀ) ਦੇ ਨੇਤਾ ਸੰਜੇ ਰਾਉਤ ਨੇ ਇਸ ਗੱਠਜੋੜ ਦਾ ਐਲਾਨ ਕੀਤਾ।
ਸੰਜੇ ਰਾਉਤ ਨੇ ਕਿਹਾ ਕਿ ਊਧਵ ਠਾਕਰੇ ਅਤੇ ਰਾਜ ਠਾਕਰੇ ਅੱਜ ਆਪਣੇ ਚੋਣ ਗੱਠਜੋੜ ਦਾ ਐਲਾਨ ਕਰਨ ਲਈ ਇੱਕਜੁੱਟ ਹੋਣਗੇ। ਉਨ੍ਹਾਂ ਕਿਹਾ, “ਇਹ ਮਹਾਰਾਸ਼ਟਰ ਅਤੇ ਮਰਾਠੀ ਲੋਕਾਂ ਲਈ ਖੁਸ਼ੀ ਦਾ ਪਲ ਹੈ। ਬਾਲਾ ਸਾਹਿਬ ਠਾਕਰੇ ਨੇ ਇਸ ਜਗ੍ਹਾ ਦੇ ਮੂਲ ਨਿਵਾਸੀਆਂ ਲਈ ਸ਼ਿਵ ਸੈਨਾ ਦੀ ਸਥਾਪਨਾ ਕੀਤੀ ਸੀ।”
ਸ਼ਿਵ ਸੈਨਾ (ਯੂਬੀਟੀ) ਦੇ ਆਗੂ ਸੰਜੇ ਰਾਉਤ ਨੇ ਕਿਹਾ, “ਠਾਕਰੇ ਭਰਾ 20 ਸਾਲਾਂ ਤੋਂ ਇਕੱਠੇ ਨਹੀਂ ਸਨ ਅਤੇ ਇਸ ਕਾਰਨ ਮਹਾਰਾਸ਼ਟਰ ਨੂੰ ਬਹੁਤ ਨੁਕਸਾਨ ਝੱਲਣਾ ਪਿਆ। ਹੁਣ, ਊਧਵ ਅਤੇ ਰਾਜ ਠਾਕਰੇ ਭਾਜਪਾ ਨੂੰ ਸਬਕ ਸਿਖਾਉਣ ਅਤੇ ਮੁੰਬਈ ‘ਚ ਚੱਲ ਰਹੀ ਲੁੱਟ ਨੂੰ ਰੋਕਣ ਲਈ ਇੱਕਜੁੱਟ ਹੋਏ ਹਨ। ਅਸੀਂ ਮੁੰਬਈ ਦੇ 10 ਨਗਰ ਨਿਗਮਾਂ ‘ਚ ਇਕੱਠੇ ਚੋਣਾਂ ਲੜਾਂਗੇ।”
ਕਾਂਗਰਸ ਨੇ ਗੱਠਜੋੜ ਦੇ ਐਲਾਨ ‘ਤੇ ਸਵਾਲ ਉਠਾਏ
ਬੀਐਮਸੀ ਚੋਣਾਂ ਲਈ ਸ਼ਿਵ ਸੈਨਾ (ਯੂਬੀਟੀ) ਅਤੇ ਮਨਸੇ ਵਿਚਕਾਰ ਗੱਠਜੋੜ ਬਾਰੇ, ਕਾਂਗਰਸ ਆਗੂ ਅਤੁਲ ਨੇ ਕਿਹਾ ਕਿ ਅੱਜ ਖ਼ਬਰ ਆਈ ਹੈ ਕਿ ਅਜੀਤ ਪਵਾਰ ਅਤੇ ਸ਼ਰਦ ਪਵਾਰ ਇੱਕ ਗੱਠਜੋੜ ਬਣਾਉਣ ਜਾ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਇਸਦਾ ਮਤਲਬ ਹੈ ਕਿ ਮਹਾਯੁਤੀ ਦੋਫਾੜ ਹੋ ਗਈ ਹੈ।
ਗਠਜੋੜ ਦੇ ਐਲਾਨ ਦੇ ਸੰਬੰਧ ‘ਚ ਸ਼ਿਵ ਸੈਨਾ (ਯੂਬੀਟੀ) ਦੇ ਵਿਧਾਇਕ ਸਚਿਨ ਅਹੀਰ ਨੇ ਕਿਹਾ ਕਿ ਇਹ ਮਹਾਰਾਸ਼ਟਰ ਦੀ ਰਾਜਨੀਤੀ ‘ਚ ਇੱਕ ਇਤਿਹਾਸਕ ਦਿਨ ਹੈ, ਜਿਸ ‘ਚ ਠਾਕਰੇ ਪਰਿਵਾਰ ਇਕੱਠੇ ਹੋ ਰਿਹਾ ਹੈ। ਉਨ੍ਹਾਂ ਕਿਹਾ, “ਮਹਾਰਾਸ਼ਟਰ ਨੂੰ ਇਸਦੀ ਬਹੁਤ ਲੋੜ ਹੈ। ਇਹ ਉਮੀਦ ਦੀ ਕਿਰਨ ਹੈ। ਗਠਜੋੜ ਦਾ ਐਲਾਨ ਅੱਜ ਦੁਪਹਿਰ ਨੂੰ ਕੀਤਾ ਜਾਵੇਗਾ। ਭਾਜਪਾ ਦੇ ਵਿਰੋਧੀਆਂ ਨੂੰ ਇੱਕਜੁੱਟ ਹੋਣਾ ਚਾਹੀਦਾ ਹੈ।”
Read More: ਹਰਿਆਣਾ ਪੁਲਿਸ ਵੱਲੋਂ ਹੌਟਸਪੌਟ ਡੋਮੀਨੇਸ਼ਨ ਆਪ੍ਰੇਸ਼ਨ ਤਹਿਤ ਛਾਪੇਮਾਰੀ, 169 ਜਣੇ ਗ੍ਰਿਫ਼ਤਾਰ




