ਚੰਡੀਗੜ੍ਹ, 19 ਫਰਵਰੀ 2025: Tesla in India: ਅਮਰੀਕਾ ਦੀ ਮੋਹਰੀ ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀ ਟੇਸਲਾ ਭਾਰਤ ‘ਚ ਆਪਣੀ ਲਾਂਚਿੰਗ ਲਈ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਰਿਪੋਰਟਾਂ ਅਨੁਸਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਟੇਸਲਾ ਦੇ ਸੀਈਓ ਐਲਨ ਮਸਕ ਵਿਚਕਾਰ ਹਾਲ ਹੀ ‘ਚ ਹੋਈ ਮੁਲਾਕਾਤ ਤੋਂ ਬਾਅਦ, ਕੰਪਨੀ ਨੇ ਕਈ ਮਹੱਤਵਪੂਰਨ ਕਦਮ ਚੁੱਕੇ ਹਨ।
ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਕਿ ਟੇਸਲਾ ਨੇ ਭਾਰਤ ‘ਚ ਕਰਮਚਾਰੀਆਂ ਨੂੰ ਭਰਤੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਟੇਸਲਾ ਨੇ ਭਾਰਤ ‘ਚ ਆਪਣੇ ਸ਼ੋਅਰੂਮ ਲਈ ਥਾਵਾਂ ਦੀ ਚੋਣ ਵੀ ਕਰ ਲਈ ਹੈ।
ਇੱਕ ਮੀਡੀਆ ਰਿਪੋਰਟ ਦੇ ਅਨੁਸਾਰ ਟੇਸਲਾ (Tesla) ਨੇ ਭਾਰਤ ‘ਚ ਆਪਣੇ ਪਹਿਲੇ ਦੋ ਸ਼ੋਅਰੂਮਾਂ ਲਈ ਦਿੱਲੀ ਅਤੇ ਮੁੰਬਈ ਨੂੰ ਚੁਣਿਆ ਹੈ। ਪਿਛਲੇ ਇੱਕ ਸਾਲ ਤੋਂ, ਟੇਸਲਾ ਭਾਰਤ ‘ਚ ਆਪਣੇ ਸ਼ੋਅਰੂਮ ਲਈ ਜਗ੍ਹਾ ਲੱਭ ਰਹੀ ਸੀ। ਹੁਣ, ਅਜਿਹਾ ਲੱਗਦਾ ਹੈ ਕਿ ਕੰਪਨੀ ਨੇ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਆਟੋ ਬਾਜ਼ਾਰ ‘ਚ ਪ੍ਰਵੇਸ਼ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਹਨ। ਪਹਿਲਾਂ, ਟੇਸਲਾ ਨੇ ਉੱਚ ਆਯਾਤ ਡਿਊਟੀਆਂ ਕਾਰਨ ਭਾਰਤ ‘ਚ ਦਾਖਲ ਹੋਣ ਦੀਆਂ ਯੋਜਨਾਵਾਂ ਨੂੰ ਟਾਲ ਦਿੱਤਾ ਸੀ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਦਿੱਲੀ ‘ਚ ਟੇਸਲਾ ਦਾ ਸ਼ੋਅਰੂਮ (Tesla Showrooms) ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਐਰੋਸਿਟੀ ਖੇਤਰ ‘ਚ ਸਥਿਤ ਹੋਵੇਗਾ। ਐਰੋਸਿਟੀ ਨੂੰ ਇਸ ਲਈ ਚੁਣਿਆ ਗਿਆ ਕਿਉਂਕਿ ਇਹ ਹੋਟਲਾਂ, ਪ੍ਰਚੂਨ ਸਟੋਰਾਂ ਅਤੇ ਵਿਸ਼ਵਵਿਆਪੀ ਕੰਪਨੀਆਂ ਦੇ ਦਫਤਰਾਂ ਦੇ ਨੇੜੇ ਹੈ। ਇਸ ਦੇ ਨਾਲ ਹੀ, ਮੁੰਬਈ ‘ਚ ਟੇਸਲਾ ਦਾ ਸ਼ੋਅਰੂਮ ਬਾਂਦਰਾ ਕੁਰਲਾ ਕੰਪਲੈਕਸ (ਬੀਕੇਸੀ) ਦੇ ਨੇੜੇ ਹਵਾਈ ਅੱਡੇ ਦੇ ਨੇੜੇ ਹੋਵੇਗਾ।
ਦਿੱਲੀ ਅਤੇ ਮੁੰਬਈ ਦੋਵੇਂ ਸ਼ੋਅਰੂਮ ਲਗਭਗ 5,000 ਵਰਗ ਫੁੱਟ ਦੇ ਖੇਤਰ ਨੂੰ ਕਵਰ ਕਰਨਗੇ। ਹਾਲਾਂਕਿ, ਇਨ੍ਹਾਂ ਸ਼ੋਅਰੂਮਾਂ ਦੇ ਅਧਿਕਾਰਤ ਉਦਘਾਟਨ ਦੀ ਮਿਤੀ ਅਜੇ ਤੈਅ ਨਹੀਂ ਕੀਤੀ ਗਈ ਹੈ।
ਸ਼ੁਰੂ ‘ਚ ਟੇਸਲਾ ਆਪਣੀਆਂ ਆਯਾਤ ਕੀਤੀਆਂ ਇਲੈਕਟ੍ਰਿਕ ਕਾਰਾਂ ਨੂੰ ਇਨ੍ਹਾਂ ਸ਼ੋਅਰੂਮਾਂ ਰਾਹੀਂ ਵੇਚੇਗੀ। ਬਾਅਦ ‘ਚ, ਕੰਪਨੀ ਸਥਾਨਕ ਅਸੈਂਬਲੀ ਜਾਂ ਨਿਰਮਾਣ ਦੀ ਯੋਜਨਾ ਬਣਾ ਸਕਦੀ ਹੈ। ਜਦੋਂ ਟੇਸਲਾ ਭਾਰਤ ਵਿੱਚ ਪ੍ਰਵੇਸ਼ ਕਰੇਗੀ, ਤਾਂ ਇਹ ਆਪਣੇ ਕੁਝ ਫਲੈਗਸ਼ਿਪ ਮਾਡਲ ਜਿਵੇਂ ਕਿ ਮਾਡਲ 3, ਮਾਡਲ ਐਸ ਅਤੇ ਮਾਡਲ ਵਾਈ ਲਾਂਚ ਕਰ ਸਕਦੀ ਹੈ।
ਟੇਸਲਾ ਨੇ ਹਾਲ ਹੀ ਵਿੱਚ ਭਾਰਤ ‘ਚ ਕਰਮਚਾਰੀਆਂ ਲਈ ਇੱਕ ਇਸ਼ਤਿਹਾਰ ਜਾਰੀ ਕੀਤਾ ਹੈ। ਕੰਪਨੀ ਸੋਸ਼ਲ ਨੈੱਟਵਰਕਿੰਗ ਸਾਈਟ ਲਿੰਕਡਇਨ ‘ਤੇ 13 ਅਹੁਦਿਆਂ ਲਈ ਉਮੀਦਵਾਰਾਂ ਦੀ ਭਾਲ ਕਰ ਰਹੀ ਹੈ। ਇਹਨਾਂ ‘ਚ ਗਾਹਕ ਸੇਵਾ, ਬੈਕ-ਐਂਡ ਓਪਰੇਸ਼ਨ, ਅਤੇ ਹੋਰ ਭੂਮਿਕਾਵਾਂ ਸ਼ਾਮਲ ਹਨ।
Read More: ਐਲਨ ਮਸਕ ਦੇ DOGE ਵੱਲੋਂ ਭਾਰਤ ਨੂੰ ਝਟਕਾ, 21 ਮਿਲੀਅਨ ਡਾਲਰ ਦੇ ਫੰਡ ਰੋਕੇ