ਚੰਡੀਗੜ੍ਹ, 20 ਅਪ੍ਰੈਲ 2024: ਟੇਸਲਾ ਦੇ ਮੁਖੀ ਐਲਨ ਮਸਕ (Elon Musk) ਦਾ ਭਾਰਤ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਸਕ ਨੇ ਖੁਦ ਇਸ ਦੌਰੇ ਨੂੰ ਕੁਝ ਸਮੇਂ ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਜਿਕਰਯੋਗ ਹੈ ਕਿ ਮਸਕ ਸੋਮਵਾਰ ਨੂੰ ਹੀ ਭਾਰਤ ਆ ਕੇ ਪੀਐਮ ਨਰਿੰਦਰ ਮੋਦੀ ਨੂੰ ਮਿਲਣ ਵਾਲੇ ਸਨ।
ਮਸਕ (Elon Musk) ਨੇ ਐਕਸ ‘ਤੇ ਆਪਣੇ ਹੈਂਡਲ ਤੋਂ ਵੀ ਇਸ ਬਾਰੇ ਪੋਸਟ ਕੀਤਾ ਹੈ। ਉਨ੍ਹਾਂ ਕਿਹਾ, ” ਟੇਸਲਾ ਪ੍ਰਤੀ ਆਪਣੀ ਜ਼ਿੰਮੇਵਾਰੀ ਕਾਰਨ ਮੈਨੂੰ ਭਾਰਤ ਦਾ ਦੌਰਾ ਮੁਲਤਵੀ ਕਰਨਾ ਪਿਆ। ਪਰ ਮੈਂ ਇਸ ਸਾਲ ਹੀ ਭਾਰਤ ਆਉਣ ਦੇ ਮੌਕੇ ਦੀ ਉਡੀਕ ਕਰ ਰਿਹਾ ਹਾਂ।”
ਰਿਪੋਰਟਾਂ ਮੁਤਾਬਕ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਤਿੰਨ ਜਣਿਆਂ ਨੇ ਮਸਕ ਦੇ ਦੌਰੇ ਨੂੰ ਟਾਲਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਇਸ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ‘ਤੇ ਟੇਸਲਾ ਜਾਂ ਭਾਰਤ ਸਰਕਾਰ ਵੱਲੋਂ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਹੀ ਐਲਨ ਮਸਕ ਨੇ ਖੁਦ ਭਾਰਤ ਦੌਰੇ ਦੀ ਪੁਸ਼ਟੀ ਕੀਤੀ ਸੀ। ਹਾਲਾਂਕਿ ਉਨ੍ਹਾਂ ਦੇ ਦੌਰੇ ਨਾਲ ਜੁੜੇ ਵੇਰਵੇ ਗੁਪਤ ਰੱਖੇ ਗਏ ਸਨ। ਸੂਤਰਾਂ ਨੇ ਦਾਅਵਾ ਕੀਤਾ ਸੀ ਕਿ ਮਸਕ ਦੀ ਯਾਤਰਾ ਸੰਭਾਵਤ ਤੌਰ ‘ਤੇ ਟੇਸਲਾ ਦੀਆਂ ਨਿਵੇਸ਼ ਯੋਜਨਾਵਾਂ ਦੀ ਘੋਸ਼ਣਾ ਅਤੇ ਦੇਸ਼ ਵਿੱਚ ਇੱਕ ਨਵੀਂ ਫੈਕਟਰੀ ਖੋਲ੍ਹਣ ਦੇ ਨਾਲ ਮੇਲ ਖਾਂਦੀ ਹੈ।