ਚੰਡੀਗੜ੍ਹ 01 ਅਪ੍ਰੈਲ 2022: ਭਾਰਤੀ ਸੁਰੱਖਿਆ ਬਲਾਂ ਨੇ ਕਸ਼ਮੀਰ ਦੇ ਪੁਲਵਾਮਾ (Pulwama) ਜ਼ਿਲ੍ਹੇ ‘ਚ ਅੱਤਵਾਦੀਆਂ ਦੇ ਟਿਕਾਣੇ ਨੂੰ ਤਬਾਹ ਕਰਕੇ ਜੈਸ਼-ਏ-ਮੁਹੰਮਦ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਯਾ। ਇਸਦੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਸੰਯੁਕਤ ਬਲਾਂ ਨੇ ਇਕ ਟਿਕਾਣੇ ਨੂੰ ਤਬਾਹ ਕਰਨ ਤੋਂ ਬਾਅਦ ਬੀਤੀ ਸ਼ਾਮ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਦੀ ਪਛਾਣ ਪੁਲਵਾਮਾ ਦੇ ਰਹਿਣ ਵਾਲੇ ਓਵੈਸ ਅਲਤਾਫ, ਆਕੀਬ ਮਨਜ਼ੂਰ ਅਤੇ ਵਸੀਮ ਅਹਿਮਦ ਪੰਡਿਤ ਵਜੋਂ ਹੋਈ ਹੈ।
ਪੁਲਵਾਮਾ ਦੇ ਸੀਨੀਅਰ ਪੁਲਸ ਸੁਪਰਡੈਂਟ ਗੁਲਾਮ ਜਿਲਾਨੀ ਨੇ ਦੱਸਿਆ ਕਿ ਅੱਤਵਾਦੀਆਂ ਕੋਲੋਂ ਇਕ ਰਾਈਫਲ, ਮੈਗਜ਼ੀਨ ਅਤੇ ਇਕ ਗ੍ਰਨੇਡ ਬਰਾਮਦ ਕੀਤਾ ਗਿਆ ਹੈ। ਜਿਲਾਨੀ ਨੇ ਕਿਹਾ ਕਿ ਸਾਰੇ ਅੱਤਵਾਦੀ ਜੈਸ਼-ਏ-ਮੁਹੰਮਦ ਲਈ ਕੰਮ ਕਰ ਰਹੇ ਸਨ ਅਤੇ ਪੁਲਵਾਮਾ ਜ਼ਿਲ੍ਹੇ ‘ਚ ਅੱਤਵਾਦੀਆਂ ਨੂੰ ਰਸਦ ਅਤੇ ਆਵਾਜਾਈ ਪ੍ਰਦਾਨ ਕਰ ਰਹੇ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।