July 5, 2024 8:05 am
Moscow

ਰੂਸ ਦੀ ਰਾਜਧਾਨੀ ਮਾਸਕੋ ‘ਚ ਅੱਤਵਾਦੀ ਹਮਲਾ, 60 ਜਣਿਆ ਦੀ ਮੌਤ, 140 ਤੋਂ ਵੱਧ ਜ਼ਖਮੀ

ਚੰਡੀਗੜ੍ਹ, 23 ਮਾਰਚ 2024: ਰੂਸ ਦੀ ਰਾਜਧਾਨੀ ਮਾਸਕੋ (Moscow) ਦੇ ਕ੍ਰੋਕਸ ਸਿਟੀ ਹਾਲ ‘ਤੇ ਹੋਏ ਅੱਤਵਾਦੀ ਹਮਲੇ ‘ਚ ਮਰਨ ਵਾਲਿਆਂ ਦੀ ਗਿਣਤੀ 60 ਤੱਕ ਪਹੁੰਚ ਗਈ ਹੈ। ਮੌਤ ਦਾ ਅੰਕੜਾ ਹੋਰ ਵੀ ਵੱਧ ਸਕਦਾ ਹੈ ਜਦਕਿ 140 ਤੋਂ ਵੱਧ ਜਣੇ ਜ਼ਖਮੀ ਦੱਸੇ ਜਾ ਰਹੇ ਹਨ। ਇਹ ਹਮਲਾ ਸ਼ੁੱਕਰਵਾਰ ਰਾਤ (22 ਮਾਰਚ) ਨੂੰ ਹੋਇਆ। ਇਸਲਾਮਿਕ ਸਟੇਟ (ਆਈਐਸ) ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਫੌਜ ਦੀ ਵਰਦੀ ਪਹਿਨੇ ਪੰਜ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਬੰਬ ਸੁੱਟੇ ਅਤੇ ਫ਼ਰਾਰ ਹੋ ਗਏ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ- ਅਸੀਂ ਮਾਸਕੋ ਵਿੱਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹਾਂ। ਸਾਡੀ ਸੰਵੇਦਨਾ ਪੀੜਤ ਪਰਿਵਾਰਾਂ ਦੇ ਨਾਲ ਹੈ। ਦੁੱਖ ਦੀ ਇਸ ਘੜੀ ਵਿੱਚ ਭਾਰਤ ਰੂਸ ਦੀ ਸਰਕਾਰ ਅਤੇ ਲੋਕਾਂ ਦੇ ਨਾਲ ਇੱਕਮੁੱਠ ਹੈ।

ਇਸ ਦੇ ਨਾਲ ਹੀ ਇੱਕ ਪੱਤਰਕਾਰ ਨੇ ਦਾਅਵਾ ਕੀਤਾ ਕਿ ਹਮਲਾਵਰ ਸੁਰੱਖਿਆ ਬਲਾਂ ਦੀ ਵਰਦੀ ਵਿੱਚ ਕ੍ਰੋਕਸ ਸਿਟੀ ਹਾਲ (Moscow)  ਵਿੱਚ ਦਾਖਲ ਹੋਏ ਅਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਅੱਤਵਾਦੀਆਂ ਨੇ ਹਾਲ ‘ਚ ਵਿਸਫੋਟਕਾਂ ਨਾਲ ਧਮਾਕਾ ਵੀ ਕੀਤਾ, ਜਿਸ ਨਾਲ ਉਥੇ ਅੱਗ ਲੱਗ ਗਈ।

ਹਮਲੇ ਤੋਂ ਕੁਝ ਘੰਟੇ ਬਾਅਦ ਮੌਕੇ ‘ਤੇ ਮੌਜੂਦ ਇਕ ਹੋਰ ਪੱਤਰਕਾਰ ਨੇ ਦੱਸਿਆ ਕਿ ਸਮਾਗਮ ਹਾਲ ਦੀ ਛੱਤ ਤੋਂ ਕਾਲਾ ਧੂੰਆਂ ਅਤੇ ਅੱਗ ਦੀਆਂ ਲਪਟਾਂ ਉੱਠਦੀਆਂ ਦੇਖੀਆਂ ਗਈਆਂ। ਇਸ ਦੇ ਨਾਲ ਹੀ ਕੁਝ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਧਮਾਕੇ ਕਾਰਨ ਛੱਤ ਦਾ ਕੁਝ ਹਿੱਸਾ ਢਹਿ ਗਿਆ ਸੀ।

ਰੂਸ ਨੇ ਵੀ ਗੋਲੀਬਾਰੀ ਦੀ ਘਟਨਾ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਰੀਆ ਜ਼ਖਾਰੋਵਾ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਇਸ ਨੂੰ ਅੱਤਵਾਦੀ ਹਮਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਇਸ ਘਿਨਾਉਣੇ ਅਪਰਾਧ ਦੀ ਨਿੰਦਾ ਕਰਨੀ ਚਾਹੀਦੀ ਹੈ।

ਮਾਸਕੋ ਦੇ ਮੇਅਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਹਮਲੇ ਤੋਂ ਬਾਅਦ ਮਾਸਕੋ ਵਿੱਚ ਸਾਰੇ ਜਨਤਕ ਸਮਾਗਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਰੂਸੀ ਏਜੰਸੀਆਂ ਨੇ ਮਾਸਕੋ ਦੇ ਹਵਾਈ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ‘ਤੇ ਸੁਰੱਖਿਆ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਮਾਸਕੋ ‘ਚ ਹੋਏ ਅੱਤਵਾਦੀ ਹਮਲੇ ਨੂੰ ਭਿਆਨਕ ਦੱਸਿਆ ਹੈ।