PRTC

ਪੀਆਰਟੀਸੀ ਬੱਸ ਤੇ ਟਰੈਕਟਰ ਵਿਚਾਲੇ ਆਹਮੋ-ਸਾਹਮਣੇ ਭਿਆਨਕ ਟੱਕਰ, ਕਈ ਸਵਾਰੀਆਂ ਜ਼ਖਮੀ

ਚੰਡੀਗੜ੍ਹ, 06 ਅਪ੍ਰੈਲ 2023: ਪੰਜਾਬ ਦੇ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ‘ਤੇ ਸਵਾਰੀਆਂ ਨਾਲ ਭਰੀ ਪੀਆਰਟੀਸੀ (PRTC) ਦੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਘਟਨਾ ‘ਚ 12 ਯਾਤਰੀ ਜ਼ਖਮੀ ਹੋ ਗਏ। ਉਨ੍ਹਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ। ਜ਼ਖਮੀਆਂ ‘ਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਵਿੱਚ ਛੋਟੇ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਘਟਨਾ ਬੁੱਧਵਾਰ ਦੇਰ ਰਾਤ ਲੁਧਿਆਣਾ-ਫਿਰੋਜ਼ਪੁਰ ਰੋਡ ‘ਤੇ ਪਿੰਡ ਗਹੋਰ ਨੇੜੇ ਵਾਪਰੀ। ਚਸ਼ਮਦੀਦਾਂ ਮੁਤਾਬਕ ਬੱਸ (PRTC) ਲੁਧਿਆਣਾ ਤੋਂ ਬਠਿੰਡਾ ਵੱਲ ਜਾ ਰਹੀ ਸੀ। ਉਦੋਂ ਮੁੱਲਾਂਪੁਰ ਪਿੰਡ ਤੋਂ ਇੱਕ ਟਰੈਕਟਰ-ਟਰਾਲੀ ਗਲਤ ਸਾਈਡ ਤੋਂ ਆ ਰਹੀ ਸੀ, ਇਸ ਤੋਂ ਪਹਿਲਾਂ ਕਿ ਬੱਸ ਡਰਾਈਵਰ ਆਪਣੇ ਆਪ ‘ਤੇ ਕਾਬੂ ਪਾਉਂਦਾ, ਦੋਵਾਂ ਵਿਚਕਾਰ ਭਿਆਨਕ ਟੱਕਰ ਹੋ ਗਈ। ਰੌਲਾ ਸੁਣ ਕੇ ਸਥਾਨਕ ਲੋਕ ਇਕੱਠੇ ਹੋ ਗਏ ਅਤੇ ਜ਼ਖਮੀਆਂ ਨੂੰ ਬੱਸ ‘ਚੋਂ ਬਾਹਰ ਕੱਢਿਆ ਗਿਆ।

ਏਐਸਆਈ ਹਮੀਰ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਟਰੈਕਟਰ-ਟਰਾਲੀ ‘ਤੇ ਦੋ ਵਿਅਕਤੀ ਸਵਾਰ ਸਨ। ਦੋਵੇਂ ਗੰਭੀਰ ਜ਼ਖਮੀ ਹਨ। ਇਸ ਦੇ ਨਾਲ ਹੀ ਇਸ ਹਾਦਸੇ ਵਿੱਚ ਬੱਸ ਵਿੱਚ ਸਾਈਡ ’ਤੇ ਬੈਠੀਆਂ ਸਵਾਰੀਆਂ ਵੀ ਗੰਭੀਰ ਜ਼ਖ਼ਮੀ ਹੋ ਗਈਆਂ ਹਨ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਦਕਿ ਟਰੈਕਟਰ ਦੇ ਪਰਖੱਚੇ ਉੱਡ ਗਏ।

Scroll to Top