ਚੰਡੀਗੜ੍ਹ, 24 ਅਪ੍ਰੈਲ 2024: ਅਬੋਹਰ ਦੇ ਨਜਦੀਕੀ ਪਿੰਡ ਵਿੱਚ ਬੁੱਧਵਾਰ ਦੁਪਹਿਰ ਇੱਕ ਕਿਸਾਨ ਦੇ ਖੇਤ ਵਿੱਚ ਕਣਕ ਦੀ ਫ਼ਸਲ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਉਸ ਦੀ ਕਰੀਬ 3 ਏਕੜ ਫ਼ਸਲ ਅਤੇ ਅੱਠ ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਆਸ-ਪਾਸ ਦੇ ਕਿਸਾਨਾਂ ਨੇ ਪਹਿਲਾਂ ਟਰੈਕਟਰਾਂ ਦੀ ਮੱਦਦ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਕਾਮਯਾਬ ਨਾ ਹੋਏ ਤਾਂ ਅੱਗ ਬੁਝਾਊ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ।
ਹਾਲਾਂਕਿ ਜਦੋਂ ਤੱਕ ਫਾਇਰ ਬ੍ਰਿਗੇਡ ਉਥੇ ਪਹੁੰਚੀ ਉਦੋਂ ਤੱਕ ਸਾਰੀ ਫਸਲ ਸੜ ਚੁੱਕੀ ਸੀ। ਇੰਨਾ ਹੀ ਨਹੀਂ ਕਿਸਾਨ ਦੇ ਖੇਤ ਵਿੱਚ ਖੜ੍ਹੀ ਟਰਾਲੀ ਦੇ ਦੋਵੇਂ ਟਾਇਰ ਵੀ ਸੜ ਕੇ ਸੁਆਹ ਹੋ ਗਏ। ਪੀੜਤ ਕਿਸਾਨ ਨੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਓਮ ਪ੍ਰਕਾਸ਼ ਨੇ ਇਹ ਜ਼ਮੀਨ ਠੇਕੇ ’ਤੇ ਲਈ ਸੀ। ਉਸਦੇ ਆਪਣੇ ਖੇਤ ਵਿੱਚ ਕੰਬਾਈਨ ਚੱਲ ਰਹੀ ਸੀ ਕਿ ਅਚਾਨਕ ਚੰਗਿਆੜੀ ਨਿਕਲ ਗਈ ਅਤੇ ਕਣਕ ਨੂੰ ਅੱਗ ਲੱਗ ਗਈ। ਇਸਦੇ ਨਾਲ ਹੀ ਕਣਕ ਨਾਲ ਭਰੀ ਟਰਾਲੀ ਵੀ ਸੜ ਗਈ।