ਚੰਡੀਗੜ 09 ਨਵੰਬਰ 2024: ਜਸਟਿਸ ਡੀ.ਵਾਈ. ਚੰਦਰਚੂੜ (D.Y. Chandrachud) ਨੂੰ 10 ਨਵੰਬਰ ਨੂੰ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਵਜੋਂ ਸੇਵਾਮੁਕਤ ਹੋ ਜਾਣਗੇ | ਇਸਦੇ ਨਾਲ ਜਸਟਿਸ ਸੰਜੀਵ ਖੰਨਾ (Sanjiv Khanna) 10 ਨਵੰਬਰ ਨੂੰ ਜਸਟਿਸ ਚੰਦਰਚੂੜ ਦੀ ਥਾਂ ਲੈਣਗੇ।| ਬੀਤੇ ਸ਼ੁੱਕਰਵਾਰ ਨੂੰ ਜਸਟਿਸ ਡੀ.ਵਾਈ. ਚੰਦਰਚੂੜ ਦੇ ਸਨਮਾਨ ‘ਚ ਵਿਦਾਇਗੀ ਸਮਾਗਮ ਕਰਵਾਇਆ ਗਿਆ | ਸ਼ਨੀਵਾਰ ਅਤੇ 10 ਤਾਰੀਖ਼ ਨੂੰ ਛੁੱਟੀ ਹੋਣ ਕਰਕੇ ਇਹ ਸਮਾਗਮ 8 ਨਵੰਬਰ ਨੂੰ ਕਰਵਾਇਆ ਗਿਆ |
ਜਸਟਿਸ ਚੰਦਰਚੂੜ (D.Y. Chandrachud) ਨੇ ਕਿਹਾ, ‘ਅਸੀਂ ਸਾਰੇ ਇੱਥੇ ਯਾਤਰੀਆਂ ਵਰਗੇ ਹਾਂ, ਜੋ ਕੁਝ ਸਮੇਂ ਲਈ ਆਉਂਦੇ ਹਨ, ਆਪਣਾ ਕੰਮ ਕਰਦੇ ਹਨ ਅਤੇ ਫਿਰ ਚਲੇ ਜਾਂਦੇ ਹਾਂ । ਅਦਾਲਤ ਦੇ ਰੂਪ ‘ਚ ਇਹ ਸੰਸਥਾ ਸਦਾ ਬਣੀ ਰਹੇਗੀ ਅਤੇ ਵੱਖ-ਵੱਖ ਵਿਚਾਰਾਂ ਵਾਲੇ ਲੋਕ ਇਸ ‘ਚ ਆਉਂਦੇ ਰਹਿਣਗੇ। ਮੈਨੂੰ ਪੂਰਾ ਭਰੋਸਾ ਹੈ ਕਿ ਮੇਰੇ ਤੋਂ ਬਾਅਦ ਜਸਟਿਸ ਖੰਨਾ ਇਸ ਸੰਸਥਾ ਨੂੰ ਮਜ਼ਬੂਤੀ ਅਤੇ ਮਾਣ ਨਾਲ ਅੱਗੇ ਲੈ ਕੇ ਜਾਣਗੇ।
ਜਸਟਿਸ ਸੰਜੀਵ ਖੰਨਾ ਦੇਸ਼ ਦੇ 51ਵੇਂ ਚੀਫ਼ ਜਸਟਿਸ ਹੋਣਗੇ, ਜਸਟਿਸ ਚੰਦਰਚੂੜ ਨੇ 9 ਨਵੰਬਰ 2022 ਨੂੰ ਭਾਰਤ ਦੇ 50ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ ਸੀ। ਸੁਪਰੀਮ ਕੋਰਟ ਦੇ ਦੂਜੇ ਸਭ ਤੋਂ ਸੀਨੀਅਰ ਜੱਜ ਜਸਟਿਸ ਸੰਜੀਵ ਖੰਨਾ (Justice Sanjeev Khanna) ਦੇਸ਼ ਦੇ ਅਗਲੇ ਚੀਫ਼ ਜਸਟਿਸ ਹੋਣਗੇ। ਮੌਜੂਦਾ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਕੇਂਦਰ ਸਰਕਾਰ ਨੂੰ ਜਸਟਿਸ ਖੰਨਾ ਨੂੰ ਅਗਲਾ ਸੀਜੇਆਈ ਬਣਾਉਣ ਦੀ ਸਿਫ਼ਾਰਸ਼ ਕੀਤੀ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ 10 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ।
ਜਸਟਿਸ ਖੰਨਾ 11 ਨਵੰਬਰ ਤੋਂ ਨਵੇਂ ਚੀਫ਼ ਜਸਟਿਸ ਵਜੋਂ ਅਹੁਦਾ ਸੰਭਾਲਣਗੇ। ਹਾਲਾਂਕਿ ਉਨ੍ਹਾਂ ਦਾ ਕਾਰਜਕਾਲ ਸਿਰਫ 6 ਮਹੀਨੇ ਦਾ ਹੋਵੇਗਾ ਪਰ ਇਸ ਦੌਰਾਨ ਉਹ ਕਈ ਅਹਿਮ ਫੈਸਲੇ ਦੇ ਸਕਦੇ ਹਨ। ਅਜਿਹਾ ਇਸ ਲਈ ਕਿਉਂਕਿ ਜਸਟਿਸ ਖੰਨਾ ਦਾ ਟ੍ਰੈਕ ਰਿਕਾਰਡ ਹੈ ਕਿ ਉਨ੍ਹਾਂ ਨੇ ਜੱਜ ਵਜੋਂ ਕਈ ਇਤਿਹਾਸਕ ਫੈਸਲੇ ਲਏ ਹਨ। ਜਿਨ੍ਹਾਂ ‘ਚ ਚੋਣਾਂ ‘ਚ ਈਵੀਐਮ ਦੀ ਵਰਤੋਂ, ਜੰਮੂ-ਕਸ਼ਮੀਰ ‘ਚ ਧਾਰਾ 370 ਨੂੰ ਖਤਮ ਕਰਨਾ, ਆਰਟੀਆਈ ਬਾਰੇ ਫੈਸਲਾ ਅਤੇ ਚੋਣ ਬਾਂਡ ਬਾਰੇ ਫੈਸਲਾ ਸ਼ਾਮਲ ਹੈ।
ਕੇਂਦਰ ਸਰਕਾਰ ਨੇ ਸਥਾਪਿਤ ਨਿਯਮਾਂ ਦੇ ਤਹਿਤ ਪਿਛਲੇ ਸ਼ੁੱਕਰਵਾਰ ਨੂੰ ਸੀਜੇਆਈ ਨੂੰ ਬੇਨਤੀ ਕੀਤੀ ਸੀ ਕਿ ਉਹ ਆਪਣੇ ਉੱਤਰਾਧਿਕਾਰੀ ਦਾ ਨਾਮ ਸੁਝਾਉਣ। ਇਸ ਦੇ ਜਵਾਬ ‘ਚ ਚੀਫ ਜਸਟਿਸ ਚੰਦਰਚੂੜ ਨੇ ਇਹ ਸਿਫਾਰਿਸ਼ ਕੀਤੀ ਹੈ। ਜਸਟਿਸ ਸੰਜੀਵ ਖੰਨਾ ਭਾਰਤੀ ਨਿਆਂਪਾਲਿਕਾ ‘ਚ ਆਪਣੀ ਨਿਰਪੱਖਤਾ ਅਤੇ ਕਾਨੂੰਨੀ ਵਿਦਵਤਾ ਲਈ ਜਾਣੇ ਜਾਂਦੇ ਹਨ।
ਸੁਪਰੀਮ ਕੋਰਟ ‘ਚ ਪਦਉਨਤ ਹੋਣ ਤੋਂ ਪਹਿਲਾਂ ਜਸਟਿਸ ਸੰਜੀਵ ਖੰਨਾ (Justice Sanjeev Khanna) ਦਿੱਲੀ ਹਾਈ ਕੋਰਟ ਦੇ ਜੱਜ ਰਹਿ ਚੁੱਕੇ ਹਨ। ਉਨ੍ਹਾਂ ਨੂੰ 18 ਜਨਵਰੀ 2019 ਨੂੰ ਸੁਪਰੀਮ ਕੋਰਟ ਦਾ ਜੱਜ ਬਣਾਇਆ ਗਿਆ ਸੀ। ਜਸਟਿਸ ਖੰਨਾ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਹੰਸਰਾਜ ਖੰਨਾ ਦੇ ਭਤੀਜੇ ਹਨ।
ਜਸਟਿਸ ਸੰਜੀਵ ਖੰਨਾ ਦਾ ਜਨਮ 14 ਮਈ 1960 ਨੂੰ ਹੋਇਆ ਸੀ। ਸੀਜੇਆਈ ਦੇ ਪਿਤਾ ਜਸਟਿਸ ਦੇਵ ਰਾਜ ਖੰਨਾ ਵੀ ਦਿੱਲੀ ਹਾਈ ਕੋਰਟ ਦੇ ਜੱਜ ਵਜੋਂ ਸੇਵਾਮੁਕਤ ਹੋਏ ਸਨ। ਸਾਲ 1980 ‘ਚ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਕੀਤੀ ਹੈ।