ਚੰਡੀਗੜ੍ਹ, 14 ਜੂਨ 2023: ਤਾਇਵਾਨ (Taiwan) ਦੇ ਮੁੱਦੇ ‘ਤੇ ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਚੀਨ ਦੇ ਵਿਦੇਸ਼ ਮੰਤਰੀ ਕਿਨ ਗੇਂਗ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਬੁੱਧਵਾਰ ਨੂੰ ਫੋਨ ‘ਤੇ ਗੱਲਬਾਤ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਦੇ ਵਿਦੇਸ਼ ਮੰਤਰੀ ਨੇ ਬਲਿੰਕਨ ਨੂੰ ਤਾਈਵਾਨ ਵਿਵਾਦ ਤੋਂ ਦੂਰ ਰਹਿਣ ਲਈ ਕਿਹਾ ਹੈ। ਚੀਨ ਦਾ ਮੰਨਣਾ ਹੈ ਕਿ ਅਮਰੀਕਾ ਉਸ ਦੇ ਘਰੇਲੂ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰ ਰਿਹਾ ਹੈ।
ਮੰਨਿਆ ਜਾ ਰਿਹਾ ਹੈ ਕਿ ਚੀਨ ਦੇ ਵਿਦੇਸ਼ ਮੰਤਰੀ ਅਤੇ ਬਲਿੰਕਨ ਵਿਚਾਲੇ ਗੱਲਬਾਤ ਚੰਗੇ ਮਾਹੌਲ ‘ਚ ਨਹੀਂ ਹੋਈ। ਇਸ ਦਾ ਕਾਰਨ ਇਹ ਹੈ ਕਿ ਚੀਨ ਤਾਇਵਾਨ ਦੀ ਸਮੁੰਦਰੀ ਸੀਮਾ ਵਿੱਚ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਅਮਰੀਕੀ ਜਲ ਸੈਨਾ ਨੇ ਇੱਥੇ ਆਪਣੇ ਦੋ ਜੰਗੀ ਬੇੜੇ ਤਾਇਨਾਤ ਕਰਕੇ ਉਸ ਦੇ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਗੱਲਬਾਤ ਦੌਰਾਨ ਚੀਨ ਦੇ ਵਿਦੇਸ਼ ਮੰਤਰੀ ਨੇ ਬਲਿੰਕਨ ਨੂੰ ਕਿਹਾ ਕਿ ਅਮਰੀਕਾ ਨੂੰ ਸਹੀ ਰਾਹ ਅਖਤਿਆਰ ਕਰਨਾ ਚਾਹੀਦਾ ਹੈ। ਅਮਰੀਕਾ ਨੂੰ ਸਾਰੇ ਮੁੱਦਿਆਂ ਨੂੰ ਗੱਲਬਾਤ ਰਾਹੀਂ ਹੱਲ ਕਰਨਾ ਚਾਹੀਦਾ ਹੈ ਅਤੇ ਵਿਵਾਦਿਤ ਮਾਮਲਿਆਂ ‘ਤੇ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਅਣਚਾਹੇ ਟਕਰਾਅ ਤੋਂ ਬਚਿਆ ਜਾ ਸਕੇ।
ਗੱਲਬਾਤ ‘ਚ ਫੋਕਸ ਤਾਈਵਾਨ (Taiwan) ਦੇ ਮੁੱਦੇ ‘ਤੇ ਰਿਹਾ, ਚੀਨ ਦਾ ਇਲਜ਼ਾਮ ਹੈ ਕਿ ਅਮਰੀਕਾ ਨਾ ਸਿਰਫ ਤਾਇਵਾਨ ਨੂੰ ਫੌਜੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਬਲਕਿ ਉਸ ਦੀ ਜਲ ਸੈਨਾ ਤਾਇਵਾਨ ਚੀਨ ਦੇ ਖਿਲਾਫ ਹਮਲਾਵਰ ਰੁਖ਼ ਦਿਖਾ ਰਹੀ ਹੈ। ਚੀਨ ਦੇ ਵਿਦੇਸ਼ ਮੰਤਰੀ ਨੇ ਬਲਿੰਕਨ ਨੂੰ ਕਿਹਾ ਕਿ ਦੁਨੀਆ ਜਾਣਦੀ ਹੈ ਕਿ ਤਣਾਅ ਕੌਣ ਵਧਾ ਰਿਹਾ ਹੈ। ਚੀਨ ਦੇ ਵਿਦੇਸ਼ ਮੰਤਰੀ ਨੇ ਉਮੀਦ ਜਤਾਈ ਹੈ ਕਿ ਦੋਵੇਂ ਦੇਸ਼ਾਂ ਵਿਚਾਲੇ ਤਣਾਅ ਵਧਾ ਕੇ ਕਿਸੇ ਨੂੰ ਕੁਝ ਹਾਸਲ ਨਹੀਂ ਹੋਵੇਗਾ।