ਜੰਮੂ-ਕਸ਼ਮੀਰ, 16 ਜਨਵਰੀ 2026: ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਵੀਰਵਾਰ ਨੂੰ ਸੀਜ਼ਨ ਦੀ ਸਭ ਤੋਂ ਠੰਢੀ ਰਾਤ ਰਹੀ। ਇੱਥੇ ਤਾਪਮਾਨ -4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੌਰਾਨ, ਹਰਿਆਣਾ ਦੇ ਹਿਸਾਰ ‘ਚ ਠੰਢ ਨੇ ਦੋ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਅਤੇ ਤਾਪਮਾਨ 0.2 ਡਿਗਰੀ ਸੈਲਸੀਅਸ ਰਿਹਾ।
ਇਸਤੋਂ ਇਲਾਵਾ ਉੱਤਰਾਖੰਡ ਦੇ ਉੱਤਰਕਾਸ਼ੀ, ਚਮੋਲੀ ਅਤੇ ਪਿਥੌਰਾਗੜ੍ਹ ਜ਼ਿਲ੍ਹਿਆਂ ਦੇ ਉੱਚੇ ਇਲਾਕਿਆਂ ‘ਚ ਹਲਕਾ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਉੱਤਰਕਾਸ਼ੀ ‘ਚ ਗੰਗੋਤਰੀ ਨੈਸ਼ਨਲ ਪਾਰਕ, ਭਾਗੀਰਥੀ ਨਦੀ ਅਤੇ ਜੜ ਗੰਗਾ ਝਰਨੇ ਜੰਮ ਗਏ ਹਨ।
ਤੇਜ਼ ਠੰਢ ਕਾਰਨ ਉੱਤਰਾਖੰਡ, ਹਰਿਆਣਾ ਅਤੇ ਰਾਜਸਥਾਨ ‘ਚ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਉੱਤਰ ਪ੍ਰਦੇਸ਼ ਦੇ ਨੋਇਡਾ ‘ਚ ਵੀ ਛੁੱਟੀਆਂ ਦੋ ਦਿਨਾਂ ਲਈ ਵਧਾ ਦਿੱਤੀਆਂ ਗਈਆਂ ਹਨ। ਪੰਜਾਬ ‘ਚ ਵੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਦਿੱਲੀ ‘ਚ 15 ਦਿਨਾਂ ਦੀ ਬਰੇਕ ਤੋਂ ਬਾਅਦ ਅੱਜ ਸਕੂਲ ਮੁੜ ਖੁੱਲ੍ਹ ਗਏ ਹਨ।
ਪੰਜਾਬ ਅਤੇ ਚੰਡੀਗੜ੍ਹ ‘ਚ ਭਾਰੀ ਠੰਢ ਪੈ ਰਹੀ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਸੰਘਣੀ ਧੁੰਦ ਅਤੇ ਠੰਢ ਦੀ ਲਹਿਰ ਲਈ ਔਰੇਂਜ ਚੇਤਾਵਨੀ ਜਾਰੀ ਕੀਤੀ ਹੈ। ਨਤੀਜੇ ਵਜੋਂ, ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਸਕੂਲ ਹੁਣ ਸਵੇਰੇ 9:00 ਵਜੇ ਦੀ ਬਜਾਏ ਸਵੇਰੇ 10:00 ਵਜੇ ਖੁੱਲ੍ਹਣਗੇ। ਬਠਿੰਡਾ ‘ਚ 24 ਘੰਟਿਆਂ ‘ਚ ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ 1.6 ਡਿਗਰੀ ਸੈਲਸੀਅਸ ਦਰਜ ਕੀਤਾ। 18 ਜਨਵਰੀ ਤੋਂ ਸੂਬੇ ‘ਚ ਮੀਂਹ ਪੈਣ ਦੀ ਸੰਭਾਵਨਾ ਹੈ।
ਇਸ ਦੌਰਾਨ, ਪੰਜ ਦਿਨਾਂ ਦੀ ਠੰਢੀ ਲਹਿਰ ਤੋਂ ਬਾਅਦ ਦਿੱਲੀ ਨੂੰ ਠੰਢ ਤੋਂ ਕੁਝ ਰਾਹਤ ਮਿਲੀ। ਸ਼ਹਿਰ ਦਾ ਘੱਟੋ-ਘੱਟ ਤਾਪਮਾਨ 4.3 ਡਿਗਰੀ ਸੈਲਸੀਅਸ ਰਿਹਾ, ਜੋ ਪਿਛਲੇ ਦਿਨ ਨਾਲੋਂ ਲਗਭਗ ਦੋ ਡਿਗਰੀ ਵੱਧ ਹੈ।
ਵੀਰਵਾਰ ਸਵੇਰੇ ਦਿੱਲੀ ਦੇ ਆਈਜੀਆਈ ਹਵਾਈ ਅੱਡੇ ‘ਤੇ ਸੰਘਣੀ ਧੁੰਦ ਕਾਰਨ 88% ਉਡਾਣਾਂ ਇੱਕ ਤੋਂ ਡੇਢ ਘੰਟੇ ਦੀ ਦੇਰੀ ਨਾਲ ਚੱਲੀਆਂ। ਰਨਵੇਅ ‘ਤੇ ਵੱਧ ਤੋਂ ਵੱਧ ਦ੍ਰਿਸ਼ਟੀ 900 ਮੀਟਰ ਅਤੇ ਘੱਟੋ-ਘੱਟ ਦ੍ਰਿਸ਼ਟੀ 200 ਮੀਟਰ ਦੇ ਵਿਚਕਾਰ ਸੀ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅੰਕੜਿਆਂ ਮੁਤਾਬਕ ਦਿੱਲੀ ਦੀ ਹਵਾ ਦੀ ਗੁਣਵੱਤਾ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਸ਼ੁੱਕਰਵਾਰ ਸਵੇਰੇ 7 ਵਜੇ ਕੁੱਲ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) 346 ਦਰਜ ਕੀਤਾ, ਜਿਸ ਨਾਲ ਇਹ ਬਹੁਤ ਮਾੜੀ ਸ਼੍ਰੇਣੀ ‘ਚ ਹੈ। ਰਾਸ਼ਟਰੀ ਰਾਜਧਾਨੀ ਦੇ ਕਈ ਖੇਤਰਾਂ ‘ਚ ਏਕਿਊਆਈ ਪੱਧਰ 300 ਤੋਂ ਉੱਪਰ ਦਰਜ ਕੀਤਾ ਗਿਆ।
Read More: Punjab Weathe News: ਪੰਜਾਬ ‘ਚ ਮੌਸਮ ਵਿਭਾਗ ਵੱਲੋਂ ਬੂੰਦਾਬਾਂਦੀ ਤੇ ਸੀਤ ਲਹਿਰ ਦਾ ਅਲਰਟ




