ਚੰਡੀਗੜ੍ਹ, 05 ਅਪ੍ਰੈਲ 2023: ਤੇਲੰਗਾਨਾ ਭਾਜਪਾ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਬੰਦੀ ਸੰਜੇ ਕੁਮਾਰ (Bandi Sanjay Kumar) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਤੋਂ ਪਹਿਲਾਂ ਬੁੱਧਵਾਰ ਅੱਧੀ ਰਾਤ ਤੋਂ ਬਾਅਦ ਕਰੀਮਨਗਰ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ । ਖਬਰਾਂ ਮੁਤਾਬਕ ਕਥਿਤ ਤੌਰ ‘ਤੇ ਪੁਲਿਸ ਇਕ ਟੀਮ ਕਰੀਮਨਗਰ ਸਥਿਤ ਸੰਸਦ ਮੈਂਬਰ ਦੇ ਘਰ ਪਹੁੰਚੀ ਅਤੇ ਉਸ ਨੂੰ ਹਿਰਾਸਤ ‘ਚ ਲੈ ਲਿਆ। ਇਸ ਕਾਰਨ ਬੰਦੀ ਸੰਜੇ ਦੇ ਸਮਰਥਕਾਂ ਅਤੇ ਪਾਰਟੀ ਵਰਕਰਾਂ ਨੇ ਪੁਲਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮਾਹੌਲ ਤਣਾਅਪੂਰਨ ਹੋ ਗਿਆ।
ਤੇਲੰਗਾਨਾ ਭਾਜਪਾ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਬੰਦੀ ਸੰਜੇ (Bandi Sanjay Kumar) ਦੀ ਪੁਲਿਸ ਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਮਾਮਲਾ ਹੁਣ ਭਖਦਾ ਜਾ ਰਿਹਾ ਹੈ। ਪੁਲਿਸ ਸੰਜੇ ਨੂੰ ਮੈਡੀਕਲ ਜਾਂਚ ਲਈ ਪਲਕੁਰਥੀ ਦੇ ਹਸਪਤਾਲ ਲੈ ਗਈ ਹੈ। ਇਸ ਦੌਰਾਨ ਵਰਕਰਾਂ ਨੇ ਕਾਫਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਹੰਗਾਮੇ ਕਾਰਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ ਕੀਤਾ। ਦੱਸ ਦਈਏ ਕਿ ਭਾਜਪਾ ਸਮਰਥਕ ਲਗਾਤਾਰ ਸੜਕਾਂ ‘ਤੇ ਆ ਕੇ ਗ੍ਰਿਫਤਾਰੀ ਦਾ ਵਿਰੋਧ ਕਰ ਰਹੇ ਹਨ।
ਭਾਜਪਾ ਦੇ ਸੂਬਾ ਜਨਰਲ ਸਕੱਤਰ ਪ੍ਰੇਮੇਂਦਰ ਰੈੱਡੀ ਨੇ ਕਿਹਾ, “ਭਾਜਪਾ ਦੇ ਸੂਬਾ ਪ੍ਰਧਾਨ ਬੰਦੀ ਸੰਜੇ ਨੂੰ ਅੱਧੀ ਰਾਤ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ ਸੀ। ਉਨ੍ਹਾਂ ਨੂੰ ਕਰੀਮਨਗਰ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗੈਰ-ਕਾਨੂੰਨੀ ਢੰਗ ਨਾਲ ਹਿਰਾਸਤ ‘ਚ ਲਿਆ ਗਿਆ ਸੀ। ਉਨ੍ਹਾਂ ਨੂੰ ਸਵੇਰ ਕਾਰਵਾਈ ਸ਼ੁਰੂ ਕਰਨੀ ਚਾਹੀਦੀ ਸੀ| ਇਹ ਤੇਲੰਗਾਨਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਵਿੱਚ ਰੁਕਾਵਟ ਪਾਉਣ ਤੋਂ ਇਲਾਵਾ ਕੁਝ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਕਾਰਵਾਈ ਦਾ ਕਾਰਨ ਇਹ ਹੈ ਕਿ ਅਸੀਂ ਪ੍ਰਸ਼ਨ ਪੱਤਰ ਲੀਕ ਮਾਮਲੇ ਨੂੰ ਲੈ ਕੇ ਕੇਸੀਆਰ ਸਰਕਾਰ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰ ਰਹੇ ਹਾਂ। ਇਹ ਸਭ ‘ਲੋਕਤੰਤਰ’ ਦੇ ਵਿਰੁੱਧ ਹੈ | ਬੰਦੀ ਸੰਜੇ ਦੀ ਗੈਰ-ਕਾਨੂੰਨੀ ਗ੍ਰਿਫਤਾਰੀ ਖ਼ਿਲਾਫ਼ ਸੂਬੇ ਭਰ ‘ਚ ਰੋਸ ਪ੍ਰਦਰਸ਼ਨ ਕਰਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਕੰਦਰਾਬਾਦ ਤੋਂ ਤਿਰੂਪਤੀ ਤੱਕ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਦਾ ਉਦਘਾਟਨ ਕਰਨ ਦੇ ਨਾਲ-ਨਾਲ ਕਈ ਹੋਰ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਲਈ 8 ਅਪ੍ਰੈਲ ਨੂੰ ਤੇਲੰਗਾਨਾ ਦਾ ਦੌਰਾ ਕਰਨ ਵਾਲੇ ਹਨ।