3 ਨਵੰਬਰ 2025: ਤੇਲੰਗਾਨਾ (Telangana) ਦੇ ਰੰਗਾਰੇਡੀ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ, ਦੱਸ ਦੇਈਏ ਕਿ ਇਸ ਹਾਦਸੇ ਦੇ ਵਿੱਚ ਲਗਭਗ 20 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਹਸਪਤਾਲ ਵਿੱਚ ਇਲਾਜ ਅਧੀਨ ਹਨ, ਜਿਨ੍ਹਾਂ ਵਿੱਚੋਂ ਤਿੰਨ ਗੰਭੀਰ ਜ਼ਖਮੀ ਹਨ। ਇਹ ਹਾਦਸਾ ਚੇਵੇਲਾ ਡਿਵੀਜ਼ਨ ਦੇ ਖਾਨਪੁਰ ਗੇਟ ਨੇੜੇ ਉਸ ਸਮੇਂ ਵਾਪਰਿਆ ਜਦੋਂ ਇੱਕ TGSRTC ਬੱਸ ਅਤੇ ਇੱਕ ਟਿੱਪਰ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਪੁਲਿਸ (police) ਦੇ ਅਨੁਸਾਰ, ਹਾਦਸਾ ਸਵੇਰੇ ਉਸ ਸਮੇਂ ਵਾਪਰਿਆ ਜਦੋਂ ਗਲਤ ਦਿਸ਼ਾ ਤੋਂ ਆ ਰਿਹਾ ਟਿੱਪਰ ਟਰੱਕ ਬੱਸ ਨਾਲ ਟਕਰਾ ਗਿਆ।
ਪੁਲਿਸ ਦੇ ਅਨੁਸਾਰ, ਬੱਜਰੀ ਨਾਲ ਭਰਿਆ ਇੱਕ ਟਿੱਪਰ ਟਰੱਕ ਚੇਵੇਲਾ ਨੇੜੇ ਸਟੇਟ ਟ੍ਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਨਾਲ ਆਹਮੋ-ਸਾਹਮਣੇ ਟਕਰਾ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਟਰੱਕ ਦਾ ਮਾਲ ਬੱਸ ‘ਤੇ ਡਿੱਗ ਗਿਆ। ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਪੁਲਿਸ ਨੇ ਦੱਸਿਆ ਕਿ ਹਾਦਸੇ ਦਾ ਮੁੱਖ ਕਾਰਨ ਟਰੱਕ ਡਰਾਈਵਰ ਦਾ ਗਲਤ ਦਿਸ਼ਾ ਵਿੱਚ ਗੱਡੀ ਚਲਾਉਣਾ ਜਾਪਦਾ ਹੈ। ਫਿਲਹਾਲ ਡਰਾਈਵਰ ਦੀ ਪਛਾਣ ਕੀਤੀ ਜਾ ਰਹੀ ਹੈ, ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Read More: ਸੱਤ ਲੋਕਾਂ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਜਾਰੀ




