Tehsildar

50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਤਹਿਸੀਲਦਾਰ ਤੇ ਉਸਦਾ ਡਰਾਈਵਰ ਗ੍ਰਿਫਤਾਰ

ਚੰਡੀਗੜ੍ਹ, 6 ਸਤੰਬਰ 2024: ਪੰਜਾਬ ਵਿਜੀਲੈਂਸ ਬਿਊਰੋ ਨੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਤਹਿਸੀਲਦਾਰ (Tehsildar) ਅਤੇ ਉਸਦੇ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਹੈ | ਉਕਤ ਤਹਿਸੀਲਦਾਰ ਲਖਵਿੰਦਰ ਸਿੰਘ ਡੇਰਾ ਬਾਬਾ ਨਾਨਕ ਵਿਖੇ ਤਾਇਨਾਤ ਸੀ | ਵਿਜੀਲੈਂਸ ਬਿਊਰੋ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਸੁਖਦੇਵ ਸਿੰਘ ਸੋਹੀ ਵਾਸੀ ਪਿੰਡ ਮਨਸੂਰ, ਤਹਿਸੀਲ ਡੇਰਾ ਬਾਬਾ ਨਾਨਕ, ਜੋ ਕਿ ਹੁਣ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰਮਦਾਸ ‘ਚ ਰਹਿ ਰਿਹਾ ਹੈ, ਉਸ ਵੱਲੋਂ ਕੀਤੀ ਸ਼ਿਕਾਇਤ ਦੇ ’ਤੇ ਗ੍ਰਿਫਤਾਰ ਕੀਤਾ ਹੈ।

ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਅਜਾਇਬ ਸਿੰਘ ਵਾਸੀ ਢੰਡੋਵਾਲ ਸ਼ਾਹਕੋਟ, ਜ਼ਿਲ੍ਹਾ ਜਲੰਧਰ ਨੇ ਉਨ੍ਹਾਂ ਵਿਰੁੱਧ ਜ਼ਮੀਨੀ ਵਿਵਾਦ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੀ ਪੜਤਾਲ ਉਕਤ ਤਹਿਸੀਲਦਾਰ ਨੇ ਕਰਨੀ ਸੀ। ਇਸ ਦੌਰਾਨ ਸੁਖਦੇਵ ਸਿੰਘ ਸੋਹੀ ਨੇ ਪਿੰਡ ਰੱਤਾ ਨਿਵਾਸੀ ਦਿਲਬਾਗ ਸਿੰਘ ਨੰਬਰਦਾਰ ਨੂੰ ਨਾਲ ਲੈ ਕੇ ਉਕਤ ਤਹਿਸੀਲਦਾਰ ਤੱਕ ਪਹੁੰਚ ਕੀਤੀ ਤਾਂ ਉਕਤ ਤਹਿਸੀਲਦਾਰ ਨੇ ਆਪਣੀ ਰਿਪੋਰਟ ‘ਚ ਸੁਖਦੇਵ ਸਿੰਘ ਸੋਹੀ ਦਾ ਪੱਖ ਪੂਰਨ ਬਦਲੇ ਦਿਲਬਾਗ ਸਿੰਘ ਰਾਹੀਂ 50 ਹਜ਼ਾਰ ਰੁਪਏ ਰਿਸ਼ਵਤ ਮੰਗੀ |

ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਉਕਤ ਤਹਿਸੀਲਦਾਰ (Tehsildar) ਨੂੰ 50,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਇਸ ਮੌਕੇ ਉਕਤ ਤਹਿਸੀਲਦਾਰ ਨੇ ਰਿਸ਼ਵਤ ਵਜੋਂ ਹਾਸਲ ਕੀਤੀ ਰਕਮ ਆਪਣੇ ਡਰਾਈਵਰ ਨੂੰ ਫੜਾ ਦਿੱਤੀ ਅਤੇ ਵਿਜੀਲੈਂਸ ਬਿਊਰੋ ਦੀ ਟੀਮ ਨੇ ਡਰਾਇਵਰ ਨੂੰ ਵੀ ਰਿਸ਼ਵਤ ਦੀ ਰਕਮ ਸੰਭਾਲਣ ਲਈ ਉਕਤ ਦੇ ਸਾਥੀ ਵਜੋਂ ਦੋਸ਼ੀ ਮੰਨਦਿਆਂ ਗ੍ਰਿਫਤਾਰ ਕਰ ਲਿਆ ਹੈ ।

Scroll to Top