ਐਸ.ਏ.ਐਸ.ਨਗਰ, 22 ਅਗਸਤ, 2023: ਸਰਕਾਰੀ ਕਾਲਜ ਡੇਰਾ ਬੱਸੀ (Dera Bassi) ਵਿਖੇ ਅੱਜ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਦੀ ਅਗਵਾਈ ਹੇਠ ਸਾਉਣ ਦੇ ਮਹੀਨੇ ਦਾ ਹਰਮਨ ਪਿਆਰਾ ਤੀਆਂ ਦਾ ਤਿਉਹਾਰ ਬੜੇ ਚਾਵਾਂ ਨਾਲ ਮਨਾਇਆ ਗਿਆ। ਕਾਲਜ ਦੇ ਵਿਹੜੇ ਵਿਚ ਪੀਂਘਾਂ ਪਾਈਆਂ ਗਈਆਂ ਜਿਹਨਾਂ ਨੂੰ ਰੰਗ ਬਰੰਗੀਆਂ ਚੁੰਨੀਆਂ, ਗੁਬਾਰਿਆਂ, ਪੱਖੀਆਂ ਅਤੇ ਹੋਰ ਸਭਿਆਚਾਰਕ ਵਸਤਾਂ ਨਾਲ ਸਜਾਇਆ ਗਿਆ। ਇਸ ਦੌਰਾਨ ਹੋਮ ਸਾਇੰਸ ਵਿਭਾਗ ਵੱਲੋਂ ਵੱਖ ਵੱਖ ਰਵਾਇਤੀ ਪਕਵਾਨਾਂ ਦੀਆਂ ਸਟਾਲਾਂ ਲਗਾਈਆਂ ਗਈਆਂ।
ਇਸ ਮੌਕੇ ਕਾਲਜ (Dera Bassi) ਦੇ ਵਿਦਿਆਰਥੀ ਭਵਨ ਵਿਚ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਨੇ ਤੀਆਂ ਦੇ ਤਿਉਹਾਰ ਦੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਸ ਤਿਉਹਾਰ ਦੀ ਪੰਜਾਬੀ ਸਭਿਆਚਾਰ ਵਿਚ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸਦੇ ਨਾਲ ਹੀ ਪ੍ਰੋ. ਸੁਜਾਤਾ ਕੌਸ਼ਲ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਦਾ ਕੰਮ ਕਰਦੇ ਹਨ। ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨੇ ਪੰਜਾਬ ਦੀਆਂ ਮੁਟਿਆਰਾਂ ਦੇ ਲੋਕ ਨਾਚ ਗਿੱਧਾ ਦੀ ਪੇਸ਼ਕਾਰੀ ਦਿੱਤੀ ਅਤੇ ਕਾਲਜ ਦੇ ਗੱਭਰੂਆਂ ਨੇ ਭੰਗੜਾ ਪਾ ਕੇ ਕਾਲਜ ਦੇ ਸਮੁੱਚੇ ਮਾਹੌਲ ਨੂੰ ਲੋਕ ਰੰਗ ਵਿਚ ਰੰਗ ਦਿੱਤਾ।
ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਤੀਆਂ, ਸਾਉਣ ਦੇ ਮਹੀਨੇ ਅਤੇ ਤੀਜ ਦੇ ਤਿਉਹਾਰ ਨਾਲ ਸਬੰਧਿਤ ਲੋਕ ਗੀਤ ਗਾਏ। ਇਸਦੇ ਨਾਲ ਹੀ ਵਿਦਿਆਰਥੀਆਂ ਵਿਚਕਾਰ ਪੰਜਾਬੀ ਗੱਭਰੂ, ਪੰਜਾਬੀ ਮੁਟਿਆਰ ਅਤੇ ਮਹਿੰਦੀ ਲਗਾਉਣ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਵਿਚ ਅਕਵਿੰਦਰ ਕੌਰ ਬੀ ਏ ਭਾਗ ਪਹਿਲਾ ਦੀ ਵਿਦਿਆਰਥਣ ਨੂੰ ਪੰਜਾਬੀ ਮੁਟਿਆਰ ਅਤੇ ਲਵਪ੍ਰੀਤ ਸਿੰਘ ਬੀ ਏ ਭਾਗ ਪਹਿਲਾ ਦੇ ਵਿਦਿਆਰਥੀ ਨੂੰ ਪੰਜਾਬੀ ਗੱਭਰੂ ਦਾ ਖਿਤਾਬ ਦਿੱਤਾ ਗਿਆ। ਮੰਚ ਸੰਚਾਲਨ ਪ੍ਰੋ. ਆਮੀ ਭੱਲਾ ਅਤੇ ਪ੍ਰੋ. ਸੁਮਿਤਾ ਕਟੋਚ ਨੇ ਕੀਤਾ। ਪ੍ਰੋਗਰਾਮ ਦੌਰਾਨ ਕਾਲਜ ਦੇ ਵਿਦਿਆਰਥੀ ਅਤੇ ਕਾਲਜ ਸਟਾਫ਼ ਮੌਜੂਦ ਸਨ।